
ਤਾਲਾਬੰਦੀ ਵਿਚ ਲਾਚਾਰੀ ਦੀ ਹਾਲਤ 'ਚ ਜੀਅ ਰਹੇ ਗ਼ਰੀਬਾਂ ਨੂੰ ਰਾਸ਼ਨ ਆਦਿ ਵੰਡ ਕੇ, ਨੌਜਵਾਨਾਂ ਦੀ ਜਥੇਬੰਦੀ 'ਪ੍ਰਾਈਡ ਆਫ਼ ਪੰਜਾਬੀਜ਼' ਨੇ ਮਦਦ ਲਈ ਹੱਥ ਅੱਗੇ ਵਧਾਇਆ ਹੈ।
ਨਵੀਂ ਦਿੱਲੀ (ਅਮਨਦੀਪ ਸਿੰਘ) : ਤਾਲਾਬੰਦੀ ਵਿਚ ਲਾਚਾਰੀ ਦੀ ਹਾਲਤ 'ਚ ਜੀਅ ਰਹੇ ਗ਼ਰੀਬਾਂ ਨੂੰ ਰਾਸ਼ਨ ਆਦਿ ਵੰਡ ਕੇ, ਨੌਜਵਾਨਾਂ ਦੀ ਜਥੇਬੰਦੀ 'ਪ੍ਰਾਈਡ ਆਫ਼ ਪੰਜਾਬੀਜ਼' ਨੇ ਮਦਦ ਲਈ ਹੱਥ ਅੱਗੇ ਵਧਾਇਆ ਹੈ। ਜਥੇਬੰਦੀ ਵਲੋਂ ਵੱਖ-ਵੱਖ ਥਾਂਵਾਂ 'ਤੇ ਗ਼ਰੀਬਾਂ ਨੂੰ ਆਟਾ, ਦਾਲ, ਚੀਨੀ, ਲੂਣ ਤੇ ਤੇਲ ਵਰਗੀਆਂ ਵਸਤਾਂ ਦੇ ਪੈਕਟ ਵੰਡੇ ਗਏ ਤਾਕਿ ਉਹ ਦੋ ਡੰਗ ਦੀ ਰੋਟੀ ਤੋਂ ਮੁਥਾਜ ਨਾ ਹੋਣ ਤੇ ਇਸ ਗੱਲ ਦਾ ਖ਼ਾਸ ਖ਼ਿਆਲ ਰਖਿਆ ਜਾਂਦਾ ਹੈ ਕਿ ਲੋੜਵੰਦਾਂ ਦੀ ਸਿੱਧੀ ਫ਼ੋਟੋ ਨਾ ਖਿੱਚੀ ਜਾਵੇ ਤਾਂਕਿ ਉਨ੍ਹ੍ਹਾਂ ਦੀ ਅਣੱਖ ਨੂੰ ਸੱਟ ਨਾ ਵੱਜੇ।
ਕੋਰੋਨਾ ਵਾਇਰਸ ਕਰ ਕੇ, ਜਥੇਬੰਦੀ ਵਲੋਂ ਰਾਸ਼ਨ ਦੀਆਂ ਦੁਕਾਨਾਂ, ਏਟੀਐਮ, ਮੈਡੀਕਲ ਦੁਕਾਨਾਂ ਆਦਿ ਥਾਂਵਾਂ 'ਤੇ ਜਾ ਕੇ ਵੀ ਦਵਾਈਆਂ ਦਾ ਛਿੜਕਾਅ ਕਰ ਕੇ, ਸਾਫ਼ ਸਫ਼ਾਈ ਵੀ ਕੀਤੀ ਗਈ। ਜਥੇਬੰਦੀ ਦੇ ਨੁਮਾਇੰਦੇ ਸ.ਅਮਨਪ੍ਰੀਤ ਸਿੰਘ ਉੱਪਲ ਨੇ ਦਸਿਆ, “ਜਦੋਂ ਤੋਂ ਤਾਲਾਬੰਦੀ ਹੋਈ ਹੈ, ਉਦੋਂ ਤੋਂ ਸਾਡੀ ਨੌਜਵਾਨਾਂ ਦੀ ਟੀਮ ਰੋਜ਼ਾਨਾ 10 ਤੋਂ 15 ਪ੍ਰਵਾਰਾਂ ਤਕ ਰਾਸ਼ਨ ਪਹੁੰਚਾ ਰਹੀ ਹੈ। ਮਾਦੀਪੁਰ, ਕ੍ਰਿਸ਼ਨਾ ਪਾਰਕ, ਵਰਿੰਦਰ ਨਗਰ, ਮਾਇਆਪੁਰੀ, ਵਿਸ਼ਨੂੰ ਗਾਰਡਨ, ਮਹਾਂਵੀਰ ਨਗਰ, ਉੱਤਮ ਨਗਰ ਤੇ ਬਿੰਦਾਪੁਰ ਵਿਖੇ ਲੋੜਵੰਦਾਂ ਦੀ ਮਦਦ ਕੀਤੀ ਗਈ।''