
ਯੂਪੀ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਭਾਜਪਾ ਨੇ ਪੰਜ ਜ਼ਿਲ੍ਹਿਆਂ ਲਈ ਉਮੀਦਵਾਰਾਂ ਦੇ ਨਾਂਅ ਐਲਾਨੇ
ਨਵੀਂ ਦਿੱਲੀ: ਉੱਤਰ ਪ੍ਰਦੇਸ਼ ਵਿਚ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਭਾਜਪਾ ਨੇ ਪੰਜ ਜ਼ਿਲ੍ਹਿਆਂ ਲਈ ਉਮੀਦਵਾਰਾਂ ਦੇ ਨਾਂਅ ਐਲਾਨੇ ਹਨ। ਇਹਨਾਂ ਵਿਚ ਸਭ ਤੋਂ ਹੈਰਾਨੀਜਨਕ ਨਾਂਅ ਉਨਾਓ ਤੋਂ ਸੰਗੀਤਾ ਸੇਂਗਰ ਦਾ ਰਿਹਾ। ਦਰਅਸਲ ਸੰਗੀਤਾ ਸੇਂਗਰ ਉਨਾਓ ਰੇਪ ਕੇਸ ਵਿਚ ਦੋਸ਼ੀ ਪਾਏ ਗਏ ਭਾਜਪਾ ਦੇ ਸਾਬਕਾ ਵਿਧਾਇਕ ਕੁਲਦੀਪ ਸੇਂਗਰ ਦੀ ਪਤਨੀ ਹੈ।
Kuldeep Singh Sengar
ਦੱਸ ਦਈਏ ਕਿ ਉਹ ਪਹਿਲਾਂ ਤੋਂ ਹੀ ਉਨਾਓ ਜ਼ਿਲ੍ਹਾ ਪੰਚਾਇਤ ਦੀ ਮੁਖੀ ਹੈ। ਉਹਨਾਂ ਨੂੰ ਇਸ ਵਾਰ ਫਤਹਿਪੁਰ ਚੌਰਾਸੀ ਤੀਜੀ ਸੀਟ ਤੋਂ ਟਿਕਟ ਦਿੱਤੀ ਗਈ ਹੈ।ਦੱਸ ਦਈਏ ਕਿ ਸੰਗੀਤਾ ਸੇਂਗਰ 2016 ਵਿਚ ਉਨਾਓ ਜ਼ਿਲ੍ਹੇ ਦੀ ਪੰਚਾਇਤ ਮੁਖੀ ਬਣੀ ਸੀ। ਉਸ ਸਮੇਂ ਪੰਚਾਇਤੀ ਚੋਣਾਂ ਪਾਰਟੀ ਚਿੰਨ੍ਹਾਂ ’ਤੇ ਨਹੀਂ ਲੜੀਆਂ ਜਾਂਦੀਆਂ ਸਨ।
Candidates List
ਜ਼ਿਕਰਯੋਗ ਹੈ ਕਿ ਕੁਲਦੀਪ ਸੇਂਗਰ ਅਤੇ ਉਸ ਦੇ ਸਾਥੀਆਂ ਨੇ 2017 ਵਿਚ ਇਕ ਨਾਬਾਲਗ ਲੜਕੀ ਨੂੰ ਅਗਵਾ ਕਰਕੇ ਸਮੂਹਿਕ ਬਲਾਤਕਾਰ ਕੀਤਾ ਸੀ। ਇਸ ਮਾਮਲੇ ਵਿਚ ਦੋਸ਼ੀ ਕੁਲਦੀਪ ਸੇਂਗਰ ਨੂੰ ਤੀਸ ਹਜ਼ਾਰੀ ਅਦਾਲਤ ਨੇ 20 ਦਸੰਬਰ 2019 ਨੂੰ ਬਲਾਤਕਾਰ ਦੇ ਕੇਸ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਅਦਾਲਤ ਨੇ ਸੇਂਗਰ 'ਤੇ 25 ਲੱਖ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਸੀ।
Sangeeta Sengar
ਇਸ ਤੋਂ ਬਾਅਦ ਕੁਲਦੀਪ ਸੇਂਗਰ ਦੀ ਯੂਪੀ ਅਸੈਂਬਲੀ ਵਿਚ ਮੈਂਬਰਸ਼ਿਪ ਵੀ ਰੱਦ ਕਰ ਦਿੱਤੀ ਗਈ। ਇਸ ਤੋਂ ਇਲਾਵਾ ਉਨਾਓ ਬਲਾਤਕਾਰ ਮਾਮਲੇ ਵਿਚ ਪੀੜਤ ਲੜਕੀ ਦੇ ਪਿਤਾ ਦੀ ਹੱਤਿਆ ਦੇ ਦੋਸ਼ ਵਿਚ ਅਦਾਲਤ ਨੇ ਕੁਲਦੀਪ ਸਿੰਘ ਸੇਂਗਰ ਸਮੇਤ ਸਾਰੇ ਦੋਸ਼ੀਆਂ ਨੂੰ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ।