
ਉਮੀਦਵਾਰ ’ਤੇ ਹਮਲੇ ਤੋਂ ਬਾਅਦ ਟੀਐਮਸੀ ਨੇਤਾ ਨੇ ਚੋਣ ਕਮਿਸ਼ਨ ਕੋਲ ਕੀਤੀ ਸ਼ਿਕਾਇਤ
ਨਵੀਂ ਦਿੱਲੀ: ਵਿਧਾਨ ਸਭਾ ਚੋਣਾਂ ਦੇ ਚਲਦਿਆਂ ਬੰਗਾਲ ਵਿਚ ਸਿਆਸੀ ਮਾਹੌਲ ਕਾਫ਼ੀ ਗਰਮਾਇਆ ਹੋਇਆ ਹੈ। ਇਸ ਦੌਰਾਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਰੋਪ ਲਗਾਇਆ ਹੈ ਕਿ ਵੋਟਿੰਗ ਕੇਂਦਰਾਂ ’ਤੇ ਭਾਜਪਾ ਵਰਕਰਾਂ ਨੇ ਕਬਜ਼ਾ ਕੀਤਾ ਹੋਇਆ ਹੈ।
Mamata Banerjee
ਉਹਨਾਂ ਕਿਹਾ ਕਿ ਭਾਜਪਾ ਵਰਕਰ ਟੀਐਮਸੀ ਵਰਕਰਾਂ ਉੱਤੇ ਹਮਲਾ ਵੀ ਕਰ ਰਹੇ ਹਨ। ਮਮਤਾ ਨੇ ਕਿਹਾ ਕਿ ਭਾਜਪਾ ਵਰਕਰਾਂ ਨੇ ਆਰਾਮਬਾਗ ਤੋਂ ਤ੍ਰਿਣਮੂਲ ਕਾਂਗਰਸ ਦੀ ਉਮੀਦਵਾਰ ਸੁਜਾਤਾ ਮੰਡਲ ਦਾ ਪਿੱਛਾ ਕੀਤਾ, ਇਸ ਤੋਂ ਬਾਅਦ ਉਹਨਾਂ ਨੇ ਵੋਟਿੰਗ ਕੇਂਦਰ ਦੇ ਨੇੜੇ ਟੀਐਮਸੀ ਉਮੀਦਵਾਰ ’ਤੇ ਹਮਲਾ ਕੀਤਾ।
Sujata Mondal
ਭਾਜਪਾ ਦੇ ਗੁੰਡਿਆਂ ਨੇ ਇੱਟਾਂ ਨਾਲ ਕੀਤਾ ਹਮਲਾ- ਸੁਜਾਤਾ ਮੰਡਲ
ਟੀਐਮਸੀ ਉਮੀਦਵਾਰ ਸੁਜਾਤਾ ਮੰਡਲ ਨੇ ਦੱਸਿਆ ਕਿ ਉਹਨਾਂ ਉੱਤੇ ਇੱਟਾਂ ਨਾਲ ਹਮਲਾ ਕੀਤਾ ਗਿਆ। ਉਹਨਾਂ ਕਿਹਾ ਕਿ ਕੁਝ ਲੋਕ ਮਾਸਕ ਪਾ ਕੇ ਆਏ ਤੇ ਉਹਨਾਂ ’ਤੇ ਹਮਲਾ ਕੀਤਾ। ਸੁਜਾਤਾ ਨੇ ਕਿਹਾ ਕਿ ਭਾਜਪਾ ਦੇ ਗੁੰਡਿਆਂ ਨੇ ਬੀਤੀ ਰਾਤ ਮਹਿਲਾ ਵੋਟਰਾਂ ਨੂੰ ਧਮਕਾਇਆ ਸੀ।
Sujata Mondal
ਡੇਰੇਕ ਓ ਬ੍ਰਾਯਨ ਨੇ ਚੋਣ ਕਮਿਸ਼ਨ ਕੋਲ ਕੀਤੀ ਸ਼ਿਕਾਇਤ
ਟੀਐਮਸੀ ਨੇਤਾ ਡੇਰੇਕ ਓ ਬ੍ਰਾਯਨ ਨੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਹੈ, ਜਿਸ ਵਿਚ ਉਹਨਾਂ ਕਿਹਾ ਕਿ ਭਾਜਪਾ ਦੇ ਗੁੰਡਿਆਂ ਨੇ ਟੀਐਮਸੀ ਉਮੀਦਵਾਰ ਉੱਤੇ ਹਮਲਾ ਕੀਤਾ ਹੈ। ਹਮਲੇ ਵਿਚ ਸੁਜਾਤਾ ਮੰਡਲ ਦੇ ਸੁਰੱਖਿਆ ਅਧਿਕਾਰੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ।
Derek O'Brien
ਟੀਐਮਸੀ ਨੇਤਾ ਨੇ ਚੋਣ ਕਮਿਸ਼ਨ ਨੂੰ ਇਕ ਚਿੱਠੀ ਲਿਖੀ ਹੈ, ਜਿਸ ਵਿਚ ਉਹਨਾਂ ਨੇ ਭਾਜਪਾ ਦੇ ਗੁੰਡਿਆਂ ਨੂੰ ਗ੍ਰਿਫ਼ਤਾਰ ਕਰਨ ਲਈ ਕਿਹਾ ਹੈ। ਉਹਨਾਂ ਕਿਹਾ ਕਿ ਚੋਣਾਂ ਸੁਤੰਤਰ ਢੰਗ ਅਤੇ ਨਿਰਪੱਖਤਾ ਨਾਲ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ।