
ਰੰਧਾਵਾ ਨੇ ਕਿਹਾ- ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਜੁਮਲੇ ਨਾਲ ਸੱਤਾ ਵਿਚ ਆਈ NDA ਸਰਕਾਰ ਕਿਸਾਨੀ ਦਾ ਲੱਕ ਤੋੜਨ ’ਤੇ ਉਤਾਰੂ
ਚੰਡੀਗੜ੍ਹ: ਪੰਜਾਬ ਦੇ ਸਹਿਕਾਰਤਾ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਸ਼ੁੱਕਰਵਾਰ ਨੂੰ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਵੱਲੋਂ ਡੀ.ਏ.ਪੀ. ਵਿਚ 2400 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 3800 ਰੁਪਏ ਪ੍ਰਤੀ ਕੁਇੰਟਲ ਕਰਨ ਲਈ ਸਖਤ ਆਲੋਚਨਾ ਕੀਤੀ। ਉਨ੍ਹਾਂ ਇਸ ਹੱਦੋਂ ਵੱਧ ਕੀਤੇ ਵਾਧੇ ਨੂੰ ਕੇਂਦਰ ਸਰਕਾਰ ਦਾ ਇਕ ਹੋਰ ਕਿਸਾਨ ਵਿਰੋਧੀ ਕਾਰਨਾਮਾ ਦੱਸਿਆ।
Sukhjinder Singh Randhawa
ਉਨ੍ਹਾਂ ਕਿਹਾ ਕਿ ਡੀ.ਏ.ਪੀ. ਦੀ 50 ਕਿਲੋ ਦੀ ਬੋਰੀ ਜਿਸ ਦਾ ਭਾਅ ਪਹਿਲਾ 1200 ਰੁਪਏ ਸੀ, ਹੁਣ 1900 ਰੁਪਏ ਕਰ ਦਿੱਤੀ ਗਈ ਹੈ। ਇਸ ਤਰ੍ਹਾਂ ਪ੍ਰਤੀ ਕੁਇੰਟਲ 1400 ਰੁਪਏ ਵਾਧਾ ਕੀਤਾ ਗਿਆ ਹੈ। ਰੰਧਾਵਾ ਨੇ 1400 ਰੁਪਏ ਪ੍ਰਤੀ ਕੁਇੰਟਲ ਨੂੰ ਪੂਰੀ ਤਰ੍ਹਾਂ ਬੇਤੁਕਾ ਤੇ ਤਾਨਾਸ਼ਾਹੀ ਫੈਸਲਾ ਦੱਸਦਿਆਂ ਆਖਿਆ ਕਿ ਕੋਵਿਡ-19 ਵਿੱਚ ਆਏ ਹਾਲੀਆ ਦੂਜੇ ਸਿਖਰ ਦਰਮਿਆਨ ਕੀਤਾ ਇਹ ਵਾਧਾ ਕਿਸਾਨਾਂ ਲਈ ਬਹੁਤ ਖਤਰਨਾਕ ਹੈ।
PM Modi
ਉਨ੍ਹਾਂ ਕਿਹਾ ਕਿ ਆਰਥਿਕ ਮੰਦਵਾੜੇ ਕਾਰਨ ਖੇਤੀਬਾੜੀ ਖੇਤਰ ਪਹਿਲਾਂ ਹੀ ਭਰਪੂਰ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਇਸ ਕਿਸਾਨ ਵਿਰੋਧੀ ਕਦਮ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਪੱਸ਼ਟ ਰੂਪ ਵਿੱਚ ਦੋਸ਼ੀ ਠਹਿਰਾਉਂਦਿਆਂ ਰੰਧਾਵਾ ਨੇ ਕਿਹਾ ਕਿ ਡੀ.ਏ.ਪੀ. ਦੀਆਂ ਕੀਮਤਾਂ ਵਿੱਚ ਕੀਤਾ ਅਥਾਹ ਵਾਧੇ ਕਿਸਾਨਾਂ ਦੇ ਜ਼ਖਮਾਂ ਉਤੇ ਲੂਣ ਛਿੜਕਣ ਦੇ ਬਰਾਬਰ ਹੈ ਜਿਹੜੇ ਪਹਿਲਾਂ ਹੀ ਕਾਲੇ ਖੇਤੀ ਕਾਨੂੰਨੀ ਦੀ ਮਾਰ ਝੱਲਦੇ ਹੋਏ ਆਪਣਾ ਘਰ-ਖੇਤ ਛੱਡ ਕੇ ਦਿੱਲੀ ਦੀਆਂ ਬਰੂਹਾਂ ਉਤੇ ਬੈਠੇ ਹਨ।
Farmer protest
ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਜੁਮਲੇ ਨਾਲ ਸੱਤਾ ਵਿਚ ਆਈ ਐਨ.ਡੀ.ਏ. ਸਰਕਾਰ ਕਿਸਾਨੀ ਦਾ ਲੱਕ ਤੋੜਨ ਉਤੇ ਉਤਾਰੂ ਹੈ। ਇਸ ਵਾਧੇ ਨੂੰ ਰੱਦ ਕਰਦਿਆਂ ਰੰਧਾਵਾ ਨੇ ਕੇਂਦਰ ਨੂੰ ਕਿਹਾ ਕਿ ਇਸ ਕਿਸਾਨ ਵਿਰੋਧੀ ਫੈਸਲੇ ਨੂੰ ਤੁਰੰਤ ਵਾਪਸ ਲਵੋ ਨਹੀਂ ਤਾਂ ਇਸ ਦਾ ਭਾਰੀ ਖਮਿਆਜ਼ਾ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਭੁਗਤਣਾ ਪਵੇਗਾ।