
UN Report: ਨਾਈਜੀਰੀਆ ਤੋਂ ਬਾਅਦ ਭਾਰਤ ਦੂਜਾ ਸੱਭ ਤੋਂ ਵੱਧ ਮੌਤਾਂ ਵਾਲਾ ਦੇਸ਼ ਬਣਿਆ
ਦੁਨੀਆਂ ’ਚ ਹਰ ਦੋ ਮਿੰਟ ਵਿਚ ਇਕ ਗਰਭਵਤੀ ਔਰਤ ਗੁਆ ਰਹੀ ਜਾਨ
UN Report: ਸੰਯੁਕਤ ਰਾਸ਼ਟਰ ਨੇ ਔਰਤਾਂ ’ਚ ਗਰਭ ਅਵਸਥਾ ਅਤੇ ਜਣੇਪੇ ਦੌਰਾਨ ਹੋਣ ਵਾਲੀਆਂ ਮੌਤਾਂ ਬਾਰੇ ਇੱਕ ਰਿਪੋਰਟ ਜਾਰੀ ਕੀਤੀ ਹੈ। ਇਸ ਵਿਚ ਦੱਸਿਆ ਗਿਆ ਕਿ ਦੁਨੀਆ ’ਚ ਹਰ 2 ਮਿੰਟ ’ਚ ਇੱਕ ਔਰਤ ਦੀ ਮੌਤ ਗਰਭ ਅਵਸਥਾ ਜਾਂ ਜਣੇਪੇ ਨਾਲ ਸਬੰਧਤ ਸਮੱਸਿਆਵਾਂ ਕਾਰਨ ਹੋ ਰਹੀ ਹੈ।
ਰਿਪੋਰਟ ਦੇ ਅਨੁਸਾਰ, ਸਾਲ 2023 ਵਿੱਚ ਭਾਰਤ ’ਚ ਲਗਭਗ 19 ਹਜ਼ਾਰ ਗਰਭਵਤੀ ਔਰਤਾਂ ਦੀ ਮੌਤ ਹੋ ਗਈ। ਇਸਦਾ ਮਤਲਬ ਹੈ ਕਿ ਔਸਤਨ 52 ਔਰਤਾਂ ਹਰ ਰੋਜ਼ ਆਪਣੀਆਂ ਜਾਨਾਂ ਗੁਆ ਰਹੀਆਂ ਹਨ। ਇਹ ਅੰਕੜਾ ਦੁਨੀਆ ਵਿੱਚ ਗਰਭ ਅਵਸਥਾ ਦੌਰਾਨ ਹੋਣ ਵਾਲੀਆਂ ਕੁੱਲ ਮੌਤਾਂ ਦਾ 7.2% ਦਰਸ਼ਾਉਂਦਾ ਹੈ। ਇਸ ਸੂਚੀ ਵਿੱਚ ਭਾਰਤ ਨਾਈਜੀਰੀਆ ਤੋਂ ਬਾਅਦ ਦੂਜੇ ਸਥਾਨ ’ਤੇ ਹੈ।
ਇਸ ਰਿਪੋਰਟ ਵਿੱਚ ਪਾਕਿਸਤਾਨ ਵਿੱਚ ਹੋਣ ਵਾਲੀਆਂ ਮੌਤਾਂ ਦੇ ਅੰਕੜੇ ਵੀ ਸ਼ਾਮਲ ਕੀਤੇ ਗਏ ਹਨ। ਦੱਸਿਆ ਗਿਆ ਹੈ ਕਿ ਪਾਕਿਸਤਾਨ ਵਿੱਚ ਸਾਲ 2023 ਵਿੱਚ 11 ਹਜ਼ਾਰ ਮੌਤਾਂ ਹੋਈਆਂ। ਇਸਦਾ ਮਤਲਬ ਹੈ ਕਿ ਹਰ ਰੋਜ਼ ਔਸਤਨ 30 ਮੌਤਾਂ ਹੁੰਦੀਆਂ ਹਨ। ਅੰਕੜਿਆਂ ਅਨੁਸਾਰ, ਨਾਈਜੀਰੀਆ ਵਿੱਚ 75,000 ਔਰਤਾਂ ਦੀ ਮੌਤ ਹੋ ਗਈ। ਇਹ ਦੁਨੀਆ ਵਿੱਚ ਗਰਭਵਤੀ ਔਰਤਾਂ ਦੀਆਂ ਕੁੱਲ ਮੌਤਾਂ ਦਾ 28.7% ਹੈ।
2000 ਅਤੇ 2023 ਦੇ ਵਿਚਕਾਰ ਭਾਰਤ ਵਿੱਚ ਮਾਵਾਂ ਦੀ ਮੌਤ ਦਰ ’ਚ 78% ਗਿਰਾਵਟ ਦਰਜ ਕੀਤੀ ਗਈ ਹੈ। ਡਬਲਯੂਐਚਓ ਦੇ ਅਨੁਸਾਰ, 2000 ਅਤੇ 2023 ਦੇ ਵਿਚਕਾਰ ਦੁਨੀਆ ਭਰ ਵਿੱਚ ਬਿਹਤਰ ਸਿਹਤ ਸੰਭਾਲ ਸਹੂਲਤਾਂ ਦੇ ਨਾਲ ਐਮਐਮਆਰ ਵਿੱਚ 40% ਦੀ ਕਮੀ ਆਈ, ਪਰ 2016 ਤੋਂ ਬਾਅਦ ਸੁਧਾਰ ਦੀ ਗਤੀ ਹੌਲੀ ਹੋ ਗਈ ਹੈ। ਡਬਲਯੂਐਚਓ ਦੇ ਮੁਖੀ ਡਾ. ਟੇਡਰੋਸ ਘੇਬਰੇਅਸਸ ਨੇ ਕਿਹਾ ਕਿ ਇਹ ਅੰਕੜੇ ਦਰਸਾਉਂਦੇ ਹਨ ਕਿ ਗਰਭਵਤੀ ਔਰਤਾਂ ਲਈ ਸਥਿਤੀ ਅਜੇ ਵੀ ਗੰਭੀਰ ਹੈ। ਜੇਕਰ ਸਿਹਤ ਬੁਨਿਆਦੀ ਢਾਂਚੇ ਵਿੱਚ ਤੇਜ਼ੀ ਨਾਲ ਸੁਧਾਰ ਨਾ ਕੀਤਾ ਗਿਆ ਤਾਂ ਇਹ ਸੰਕਟ ਹੋਰ ਡੂੰਘਾ ਹੋ ਸਕਦਾ ਹੈ।
(For more news apart from UN Report Latest News, stay tuned to Rozana Spokesman)