
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਰਨਾਟਕ ਦੀ ਜਨਤਾ ਨੇ ਕਾਂਗਰਸ ਨੂੰ ਰਾਜ ਦੀ ਸੱਤਾ ਵਿਚੋਂ....
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਰਨਾਟਕ ਦੀ ਜਨਤਾ ਨੇ ਕਾਂਗਰਸ ਨੂੰ ਰਾਜ ਦੀ ਸੱਤਾ ਵਿਚੋਂ ਉਖਾੜ ਸੁੱਟਣ ਅਤੇ ਉਸ ਦੀਆਂ ਗ਼ਲਤੀਆਂ ਲਈ ਸਜ਼ਾ ਦੇਣ ਦਾ ਫ਼ੈਸਲਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੇ ਵਿਧਾਨ ਸਭਾ ਚੋਣਾਂ ਵਿਚ ਆਸਾਨ ਹਾਰ ਲਈ ਈਵੀਐਮ ਵਿਚ ਗੜਬੜ ਜਿਹੇ ਬਹਾਨੇ ਪਹਿਲਾਂ ਹੀ ਲਭਣੇ ਸ਼ੁਰੂ ਕਰ ਦਿਤੇ ਹਨ।ਪ੍ਰਧਾਨ ਮੰਤਰੀ ਨੇ ਕਾਂਗਰਸ ਉਤੇ 'ਫੁੱਟ ਪਾਉ ਤੇ ਰਾਜ ਕਰੋ' ਦੀ ਨੀਤੀ ਅਪਨਾਉਣ ਦਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਵਿਧਾਨ ਸਭਾ ਚੋਣ ਵਿਚ ਪਾਰਟੀ ਦਾ ਕਰਨਾਟਕ ਤੋਂ ਸਫ਼ਾਇਆ ਹੋ ਜਾਵੇਗਾ। ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਸਿਧਾਰਮਈਆ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਮੋਦੀ ਨੇ ਕਿਹਾ ਕਿ ਇਥੇ ਇਕ ਵੀ ਮੰਤਰੀ ਅਜਿਹਾ ਨਹੀਂ ਜਿਸ ਉਤੇ ਵਿੱਤੀ ਬੇਨਿਯਮੀਆਂ ਦੇ ਇਲਜ਼ਾਮ ਨਾ ਲੱਗੇ ਹੋਣ।
Sonia Gandhi
ਬੀਜਾਪੁਰ ਜ਼ਿਲ੍ਹੇ ਵਿਚ ਚੋਣ ਰੈਲੀ ਵਿਚ ਪ੍ਰਧਾਨ ਮੰਤਰੀ ਨੇ ਕਿਹਾ 'ਕਾਂਗਰਸ ਜਾਤੀ ਅਤੇ ਧਰਮ ਦੇ ਆਧਾਰ ਉਤੇ ਫੁੱਟ ਪਾਉ ਤੇ ਰਾਜ ਕਰੋ' ਦੀ ਨੀਤੀ 'ਤੇ ਵਿਸ਼ਵਾਸ ਕਰਦੀ ਹੈ ਅਤੇ ਭਰਾ-ਭਰਾ ਨੂੰ ਲੜਾਉਂਦੀ ਹੈ ਪਰ ਬਸਵੇਸ਼ਵਰ ਦੀ ਇਸ ਭੂਮੀ ਦੇ ਲੋਕ ਅਜਿਹਾ ਹੋਣ ਨਹੀਂ ਦੇਣਗੇ। ਕਰਨਾਟਕ ਵਿਚ ਗਿਣਤੀ ਅਤੇ ਸਮਾਜਕ ਨਜ਼ਰੀਏ ਤੋਂ ਪ੍ਰਭਾਵ ਰੱਖਣ ਵਾਲੇ ਲਿੰਗਾਇਤ ਸਮਾਜ ਦੇ ਲੋਕਾਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਵਿਚ ਮੋਦੀ ਨੇ 12ਵੀਂ ਸਦੀ ਦੇ ਸਮਾਜ ਸੁਧਾਰਕ ਬਸਵੇਸ਼ਵਰ ਦਾ ਵਾਰ-ਵਾਰ ਜ਼ਿਕਰ ਕੀਤਾ। ਸੂਬੇ ਵਿਚ ਲਿੰਗਾਇਤ ਭਾਜਪਾ ਦਾ ਰਵਾਇਤੀ ਵੋਟ ਆਧਾਰ ਹਨ ਅਤੇ ਸੱਤਾਧਾਰੀ ਕਾਂਗਰਸ ਨੇ ਇਸ ਸਮਾਜ ਨੂੰ ਧਾਰਮਿਕ ਘੱਟ ਗਿਣਤੀ ਦਾ ਦਰਜਾ ਦਿਤੇ ਜਾਣ ਦੀ ਸਿਫ਼ਾਰਸ਼ ਕੀਤੀ ਹੈ। (ਏਜੰਸੀ)