
ਰਾਸ਼ਟਰੀ ਬਿਪਤਾ ਬਚਾਅ ਬਲ (ਐਨ.ਡੀ.ਆਰ.ਐਫ਼.) ਦੇ ਮੁਖੀ ਐਸ.ਐਨ. ਪ੍ਰਧਾਨ ਨੇ ਸ਼ੁਕਰਵਾਰ ਨੂੰ ਕਿਹਾ ਕਿ ਵਿਸ਼ਾਖਾਪਟਨਮ ’ਚ ਕੋਈ ਦੂਜਾ ਰਿਸਾਅ ਨਹੀਂ ਹੋਇਆ
ਨਵੀਂ ਦਿੱਲੀ, 8 ਮਈ: ਰਾਸ਼ਟਰੀ ਬਿਪਤਾ ਬਚਾਅ ਬਲ (ਐਨ.ਡੀ.ਆਰ.ਐਫ਼.) ਦੇ ਮੁਖੀ ਐਸ.ਐਨ. ਪ੍ਰਧਾਨ ਨੇ ਸ਼ੁਕਰਵਾਰ ਨੂੰ ਕਿਹਾ ਕਿ ਵਿਸ਼ਾਖਾਪਟਨਮ ’ਚ ਕੋਈ ਦੂਜਾ ਰਿਸਾਅ ਨਹੀਂ ਹੋਇਆ ਹੈ ਅਤੇ ਮੌਕੇ ’ਤੇ ਮੌਜੂਦ ਮਾਹਰ ਰਿਸਾਅ ਦੀ ਗੁੰਜਾਇਸ਼ ਪੂਰੀ ਤਰ੍ਰਾਂ ਖ਼ਤਮ ਕਰਨ ਲਈ ਕੰਮ ਕਰ ਰਹੇ ਹਨ।
ਪ੍ਰਧਾਨ ਨੇ ਇਸ ਗੱਲ ’ਤੇ ਵੀ ਜ਼ੋਰ ਦਿਤਾ ਕਿ ਜੋ ਧੂੰਆਂ ਉਠਦਾ ਦਿਸ ਰਿਹਾ ਸੀ ਉਹ ਇਕ ਤਕਨੀਕੀ ਮੁੱਦਾ ਸੀ ਅਤੇ ਇਸ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਐਨ.ਡੀ.ਆਰ.ਐਫ਼. ਦੇ ਮੁਖੀ ਨੇ ਇਕ ਵੀਡੀਉ ਸੰਦੇਸ਼ ’ਚ ਕਿਹਾ, ‘‘ਦੂਜੇ ਰਿਸਾਅ ਬਾਰੇ ਕੁੱਝ ਅਫ਼ਵਾਹਾਂ ਅਤੇ ਮੀਡੀਆ ’ਚ ਖ਼ਬਰਾਂ ਹਨ। ਮੈਂ ਸਪੱਸ਼ਟ ਕਰਦਾ ਹਾਂ ਕਿ ਇਹ ਸੱਚ ਨਹੀਂ ਹੈ।’’
ਵਿਸ਼ਾਖਾਪਟਨਮ ਦੇ ਜ਼ਿਲ੍ਹਾ ਅਧਿਕਾਰੀ ਵੀ. ਵਿਨੈ ਚੰਦ ਨੇ ਕਿਹਾ ਕਿ ਐਲ.ਜੀ. ਪਾਲੀਮਰਸ ’ਚ ਸਟਾਇਰੀਨ ਗੈਸ ਦੇ 60 ਫ਼ੀ ਸਦੀ ਤੋਂ ਵੱਧ ਰਿਸਾਅ ਨੂੰ ਹੁਣ ਤਕ ਬੰਦ ਕਰ ਦਿਤਾ ਗਿਆ ਹੈ ਅਤੇ ਪਲਾਂਟ ’ਚ ਸਾਰੇ ਰਸਾਇਣਕ ਟੈਂਕ ਸੁਰੱਖਿਅਤ ਹਨ। ਵੀਰਵਾਰ ਤੜਕੇ ਇਥੋਂ ਜ਼ਹਿਰੀਲੀ ਗੈਸ ਰਿਸਣ ਕਰ ਕੇ 11 ਵਿਅਕਤੀਆਂ ਦੀ ਮੌਤ ਹੋ ਗਈ ਸੀ। ਐਨ.ਜੀ.ਟੀ. ਨੇ ਇਸ ਘਟਨਾ ’ਚ ਕੇਂਦਰ ਅਤੇ ਐਲ.ਜੀ. ਪਾਲੀਮਰਸ ਇੰਡੀਆ ਨੂੰ ਨੋਟਿਸ ਜਾਰੀ ਕੀਤੇ ਹਨ। ਐਨ.ਜੀ.ਟੀ. ਨੇ ਕੰਪਨੀ ’ਤੇ 50 ਕਰੋੜ ਰੁਪਏ ਦਾ ਅੰਤਰਿਮ ਜੁਰਮਾਨਾ ਲਾਇਆ ਹੈ। (ਪੀਟੀਆਈ)