
ਸੱਭ ਤੋਂ ਜ਼ਿਆਦਾ ਖ਼ੁਦਕੁਸ਼ੀਆਂ ਇਕੱਲੇਪਨ ਅਤੇ ਕੋਰੋਨਾ ਵਾਇਰਸ ਹੋ ਜਾਣ ਦੇ ਡਰੋਂ ਹੋਈਆਂ
ਨਵੀਂ ਦਿੱਲੀ, 8 ਮਈ: ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੇਸ਼ਪਧਰੀ ਬੰਦ ਦੌਰਾਨ ਮੌਤਾਂ ਦੇ 300 ਤੋਂ ਜ਼ਿਆਦਾ ਅਜਿਹੇ ਮਾਮਲੇ ਸਾਹਮਣੇ ਆਏ ਹਨ ਜੋ ਸਿੱਧੇ ਤੌਰ 'ਤੇ ਤਾਂ ਕੋਰੋਨਾ ਬਿਮਾਰੀ ਨਾਲ ਜੁੜੇ ਹੋਏ ਨਹੀਂ ਪਰ ਇਸ ਨਾਲ ਜੁੜੀਆਂ ਸਮੱਸਿਆਵਾਂ ਇਨ੍ਹਾਂ ਦਾ ਕਾਰਨ ਹਨ। ਇਕ ਅਧਿਐਨ 'ਚ ਇਹ ਪ੍ਰਗਟਾਵਾ ਹੋਇਆ ਹੈ। ਅਧਿਐਨ 'ਚ ਦੋ ਮਈ ਤਕ ਹੋਈਆਂ ਮੌਤਾਂ ਦੇ ਮਾਮਲਿਆਂ ਨੂੰ ਹੀ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਬਾਅਦ ਵੀ ਕਈ ਲੋਕਾਂ ਦੀ ਮੌਤ ਤਾਲਾਬੰਦੀ ਜਾਂ ਕੋਰੋਨਾ ਵਾਇਰਸ ਨਾਲ ਜੁੜੀਆਂ ਸਮੱਸਿਆਵਾਂ ਕਰ ਕੇ ਹੋਈ।
ਮਹਾਰਾਸ਼ਟਰ ਦੇ ਔਰੰਗਾਬਾਦ ਜ਼ਿਲ੍ਹੇ 'ਚ ਸ਼ੁਕਰਵਾਰ ਨੂੰ ਇਕ ਮਾਲਗੱਡੀ ਦੀ ਮਾਰ ਹੇਠ ਆਉਣ ਮਗਰੋਂ 14 ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ। ਜਾਲਨਾ ਤੋਂ ਭੁਸਾਵਲ ਵਲ ਪੈਦਲ ਜਾ ਰਹੇ ਮਜ਼ਦੂਰ ਮੱਧ ਪ੍ਰਦੇਸ਼ ਪਰਤ ਰਹੇ ਸਨ। ਅਧਿਐਨ ਕਰਨ ਵਾਲਿਆਂ ਦੇ ਸਮੂਹ 'ਚ ਪਬਲਿਕ ਇੰਟਰੈਸਟ ਟੈਕਨਾਲਾਜਿਸਟ ਤੇਜੇਸ ਜੀਏਨ, ਸਮਾਜਕ ਕਾਰਕੁਨ ਕਨਿਕਾ ਸ਼ਰਮਾ ਅਤੇ ਜਿੰਦਲ ਗਲੋਬਲ ਸਕੂਲ ਆਫ਼ ਲਾਅ ਦੇ ਸਹਾਇਕ ਪ੍ਰੋਫ਼ੈਸਰ ਅਮਨ ਸ਼ਾਮਲ ਹਨ। ਇਸ ਸਮੂਹ ਦਾ ਦਾਅਵਾ ਹੈ ਕਿ 19 ਮਾਰਚ ਤੋਂ ਲੈ ਕੇ 2 ਮਈ ਵਿਚਕਾਰ 338 ਮੌਤਾਂ ਹੋਈਆਂ ਹਨ ਜੋ ਤਾਲਾਬੰਦੀ ਨਾਲ ਜੁੜੀਆਂ ਹਨ।
File photo
ਅਧਿਐਨ ਅਨੁਸਾਰ ਅੰਕੜੇ ਦਸਦੇ ਹਨ ਕਿ 80 ਲੋਕਾਂ ਨੇ ਇਕੱਲੇਪਣ ਤੋਂ ਘਬਰਾ ਕੇ ਅਤੇ ਮਹਾਂਮਾਰੀ ਪੀੜਤ ਹੋ ਜਾਣ ਦੇ ਡਰੋਂ ਖ਼ੁਦਕੁਸ਼ੀ ਕਰ ਲਈ। ਇਸ ਤੋਂ ਬਾਅਦ ਮਰਨ ਵਾਲਿਆਂ ਦਾ ਸੱਭ ਤੋਂ ਵੱਡਾ ਅੰਕੜਾ ਹੈ ਪ੍ਰਵਾਸੀ ਮਜ਼ਦੂਰਾਂ ਦਾ। ਬੰਦ ਦੌਰਾਨ ਜਦੋਂ ਇਹ ਅਪਣੇ ਘਰਾਂ ਨੂੰ ਪਰਤ ਰਹੇ ਸਨ ਤਾਂ ਵੱਖੋ-ਵੱਖ ਸੜਕ ਹਾਦਸਿਆਂ 'ਚ 51 ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ।
ਵਿਦਡਰਾਅ ਸਿੰਪਟਮ (ਸ਼ਰਾਬ ਨਾ ਮਿਲਣ ਕਰ ਕੇ) 45 ਲੋਕਾਂ ਦੀ ਮੌਤ ਹੋ ਗਈ ਅਤੇ ਭੁੱਖ ਤੇ ਆਰਥਕ ਤੰਗੀ ਕਰ ਕੇ 36 ਲੋਕਾਂ ਦੀ ਜਾਨ ਚਲੀ ਗਈ। ਇਸ ਸਮੂਹ ਨੇ ਅਖ਼ਬਾਰਾਂ, ਵੈੱਬ ਪੋਰਟਲਾਂ ਅਤੇ ਸੋਸ਼ਲ ਮੀਡੀਆ ਦੀਆਂ ਜਾਣਕਾਰੀਆਂ ਨੂੰ ਮਿਲਾ ਕੇ ਇਹ ਅੰਕੜੇ ਤਿਆਰ ਕੀਤੇ ਹਨ। (ਪੀਟੀਆਈ)