
Air India Express ਦਾ ਯੂ-ਟਰਨ, 10 ਘੰਟਿਆਂ ਦੇ ਅੰਦਰ ਵਾਪਸ ਲਿਆ 25 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਦਾ ਫੈਸਲਾ
Air India Express : ਏਅਰ ਇੰਡੀਆ ਐਕਸਪ੍ਰੈਸ (Air India Express) ਦੀ ਬੈਠਕ 'ਚ ਵੱਡਾ ਫੈਸਲਾ ਲਿਆ ਗਿਆ ਹੈ। ਏਅਰਲਾਈਨ ਨੇ ਸਾਰੇ ਬਰਖਾਸਤ ਕੈਬਿਨ ਕਰੂ ਮੈਂਬਰਾਂ ਨੂੰ ਬਹਾਲ ਕਰਨ ਲਈ ਸਹਿਮਤੀ ਦਿੱਤੀ ਹੈ। ਸਾਰਿਆਂ ਨੂੰ ਤੁਰੰਤ ਬਹਾਲ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਕਰਮਚਾਰੀ ਵੀ ਕੰਮ 'ਤੇ ਵਾਪਸ ਜਾਣ ਲਈ ਤਿਆਰ ਹੋ ਗਏ ਹਨ। ਮੁੱਖ ਕਿਰਤ ਕਮਿਸ਼ਨਰ ਵੱਲੋਂ ਅੱਜ ਦੁਪਹਿਰ 2 ਵਜੇ ਮੀਟਿੰਗ ਸੱਦੀ ਗਈ ਸੀ। ਏਅਰ ਇੰਡੀਆ ਐਕਸਪ੍ਰੈਸ ਪ੍ਰਬੰਧਨ ਅਤੇ ਪ੍ਰਦਰਸ਼ਨ ਕਰ ਰਹੇ ਚਾਲਕ ਦਲ ਵਿਚਾਲੇ ਮੀਟਿੰਗ ਹੋਈ।
ਟਾਟਾ ਗਰੁੱਪ ਦੀ ਏਅਰਲਾਈਨ ਏਅਰ ਇੰਡੀਆ ਦੀ ਸਹਾਇਕ ਕੰਪਨੀ ਏਅਰ ਇੰਡੀਆ ਐਕਸਪ੍ਰੈੱਸ 'ਚ ਸਭ ਕੁਝ ਠੀਕ ਨਹੀਂ ਚੱਲ ਰਿਹਾ। ਦੋ ਦਿਨ ਪਹਿਲਾਂ ਲਗਭਗ 300 ਕਰੂ ਮੈਂਬਰ ਇੱਕੋ ਸਮੇਂ ਬਿਮਾਰੀ ਦੀ ਛੁੱਟੀ 'ਤੇ ਚਲੇ ਗਏ ਸਨ, ਜਿਸ ਕਾਰਨ ਕਈ ਉਡਾਣਾਂ ਨੂੰ ਰੱਦ ਕਰਨਾ ਪਿਆ ਸੀ।
ਇਸ ਘਟਨਾ ਤੋਂ ਬਾਅਦ ਏਅਰਲਾਈਨ ਨੇ ਵੱਡਾ ਕਦਮ ਚੁੱਕਦੇ ਹੋਏ 25 ਕਰਮਚਾਰੀਆਂ ਨੂੰ ਟਰਮੀਨੇਸ਼ਨ ਲੈਟਰ ਭੇਜੇ ਸਨ ਪਰ ਹੁਣ ਬੈਠਕ ਤੋਂ ਬਾਅਦ ਏਅਰਲਾਈਨ ਨੇ ਆਪਣਾ ਫੈਸਲਾ ਬਦਲਦੇ ਹੋਏ ਸਾਰੇ ਬਰਖਾਸਤ ਕਰਮਚਾਰੀਆਂ ਨੂੰ ਬਹਾਲ ਕਰਨ ਦੇ ਆਦੇਸ਼ ਦਿੱਤੇ ਹਨ।