
ਜ਼ਖਮੀਆਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ
Firecracker Factory Blast : ਤਾਮਿਲਨਾਡੂ ਦੇ ਵਿਰੁਧੁਨਗਰ ਜ਼ਿਲ੍ਹੇ ਵਿੱਚ ਵੀਰਵਾਰ ਦੁਪਹਿਰ ਨੂੰ ਇੱਕ ਪਟਾਕਾ ਫੈਕਟਰੀ ਵਿੱਚ ਅੱਗ ਲੱਗਣ ਕਾਰਨ ਹੋਏ ਧਮਾਕੇ ਵਿੱਚ 5 ਔਰਤਾਂ ਸਮੇਤ 8 ਲੋਕਾਂ ਦੀ ਮੌਤ ਹੋ ਗਈ ਹੈ ,ਜਦਕਿ ਕਈ ਲੋਕ ਜ਼ਖਮੀ ਹੋਏ ਹਨ।
ਇਸ ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਸ ਮੌਕੇ 'ਤੇ ਪਹੁੰਚੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ 'ਚ ਜੁਟੀਆਂ ਹੋਈਆਂ ਹਨ।
ਜਾਣਕਾਰੀ ਮੁਤਾਬਕ ਸ਼ਿਵਕਾਸ਼ੀ ਦੇ ਵਿਰੁਧੁਨਗਰ 'ਚ ਇਕ ਸੁੰਨਸਾਨ ਜਗ੍ਹਾ 'ਤੇ ਇਕ ਫੈਕਟਰੀ ਚੱਲ ਰਹੀ ਸੀ। ਵੀਰਵਾਰ ਨੂੰ ਵੀ ਫੈਕਟਰੀ ਵਿੱਚ ਪਟਾਕੇ ਬਣਾਉਣ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਅਚਾਨਕ ਫੈਕਟਰੀ 'ਚ ਰੱਖੇ ਪਟਾਕਿਆਂ 'ਚ ਧਮਾਕਾ ਹੋ ਗਿਆ। ਧਮਾਕਾ ਹੁੰਦੇ ਹੀ ਅੱਗ ਲੱਗ ਗਈ। ਇਕ ਤੋਂ ਬਾਅਦ ਇਕ ਕਈ ਧਮਾਕੇ ਹੋਏ। ਜਿਸ ਕਾਰਨ ਅੰਦਰ ਕੰਮ ਕਰ ਰਹੇ ਮਜ਼ਦੂਰ ਫਸ ਗਏ।
ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਬਚਾਅ ਮੁਹਿੰਮ ਚਲਾਈ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਪੁਲਸ ਨੇ ਦੱਸਿਆ ਕਿ ਫਿਲਹਾਲ ਫਾਇਰ ਬ੍ਰਿਗੇਡ ਦੀਆਂ ਟੀਮਾਂ ਅੱਗ ਬੁਝਾਉਣ 'ਚ ਜੁਟੀਆਂ ਹੋਈਆਂ ਹਨ। ਹੁਣ ਤੱਕ ਕੁੱਲ 8 ਲਾਸ਼ਾਂ ਬਰਾਮਦ ਹੋਈਆਂ ਹਨ, ਜਿਨ੍ਹਾਂ 'ਚੋਂ 5 ਔਰਤਾਂ ਹਨ।