
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਸਰਹੱਦੀ ਜ਼ਿਲ੍ਹੇ ਕੁਪਵਾੜਾ ਦਾ ਦੌਰਾ ਕੀਤਾ ਅਤੇ ਸਰਹੱਦ ਲਾਗੇ ਰਹਿ ਰਹੇ ਲੋਕਾਂ ਨਾਲ ਗੱਲਬਾਤ ਕੀਤੀ.....
ਸ੍ਰੀਨਗਰ, : ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਸਰਹੱਦੀ ਜ਼ਿਲ੍ਹੇ ਕੁਪਵਾੜਾ ਦਾ ਦੌਰਾ ਕੀਤਾ ਅਤੇ ਸਰਹੱਦ ਲਾਗੇ ਰਹਿ ਰਹੇ ਲੋਕਾਂ ਨਾਲ ਗੱਲਬਾਤ ਕੀਤੀ। ਅਧਿਕਾਰੀਆਂ ਨੇ ਦਸਿਆ ਕਿ ਰਾਜਨਾਥ ਸਿੰਘ ਨਾਲ ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਅਤੇ ਪ੍ਰਧਾਨ ਮੰਤਰੀ ਦਫ਼ਤਰ ਵਿਚ ਰਾਜ ਮੰਤਰੀ ਜਿਤੇਂਦਰ ਸਿੰਘ ਵੀ ਸਨ।
ਗ੍ਰਹਿ ਮੰਤਰੀ ਨੇ ਜੰਮੂ ਕਸ਼ਮੀਰ ਦੀ ਦੋ ਦਿਨਾ ਯਾਤਰਾ ਦੇ ਦੂਜੇ ਦਿਨ ਅੱਜ ਜ਼ਿਲ੍ਹੇ ਵਿਚ ਸਰਹੱਦੀ ਖੇਤਰ ਦੇ ਸਥਾਨਕ ਵਫ਼ਦ ਨਾਲ ਮੁਲਾਕਾਤ ਕੀਤੀ ਅਤੇ ਲੋਕਾਂ ਨਾਲ ਗੱਲਬਾਤ ਕੀਤੀ। ਅਧਿਕਾਰੀਆਂ ਮੁਤਾਬਕ ਉਹ ਜ਼ਿਲ੍ਹਾ ਪੁਲਿਸ ਲਾਈਨ ਵੀ ਗਏ ਅਤੇ ਉਨ੍ਹਾਂ ਜੰਮੂ ਕਸ਼ਮੀਰ ਪੁਲਿਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿਤੀ। ਉਹ ਕਲ ਸ੍ਰੀਨਗਰ ਪੁੱਜੇ ਸਨ। ਰਾਜਨਾਥ ਸਿੰਘ ਨੇ ਲੋਕਾਂ ਨੂੰ ਭਰੋਸਾ ਦਿਤਾ ਕਿ ਸਰਹੱਦ ਪਾਰੋਂ ਗੋਲੀਬਾਰੀ ਦੌਰਾਨ ਉਨ੍ਹਾਂ ਦੀ ਵਰਤੋਂ ਲਈ ਬੁਲੇਟਪਰੂਫ਼ ਵਾਹਨ ਤੈਨਾਤ ਕੀਤੇ ਜਾਣਗੇ।
ਅਧਿਕਾਰੀਆਂ ਨੇ ਦਸਿਆ ਕਿ ਰਾਜਨਾਥ ਸਿੰਘ ਨੇ ਕਿਹਾ ਕਿ ਪਾਕਿਸਤਾਨ ਦੀ ਗੋਲੀਬਾਰੀ ਦੌਰਾਨ ਲੋਕਾਂ ਦੇ ਜੀਵਨ ਨੂੰ ਸੁਰੱਖਿਅਤ ਬਣਾਉਣ ਲਈ ਸਰਹੱਦੀ ਇਲਾਕਿਆਂ ਵਿਚ ਹੋਰ ਬੰਕਰ ਬਣਾਏ ਜਾਣਗੇ। ਇਸ ਸਾਲ ਆਰਐਸਐਸ ਪੁਰਾ ਸੈਕਟਰ ਵਿਚ ਪਾਕਿਸਤਾਨੀ ਗੋਲੀਬਾਰੀ ਵਿਚ 20 ਸੁਰੱਖਿਆ ਮੁਲਾਜ਼ਮਾਂ ਸਮੇਤ 47 ਲੋਕ ਮਾਰੇ ਜਾ ਚੁਕੇ ਹਨ ਜਦਕਿ 130 ਤੋਂ ਵੱਧ ਜ਼ਖ਼ਮੀ ਹੋਏ ਹਨ। ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਦੌਰਾਨ ਸਰਹੱਦੀ ਲੋਕਾਂ ਨੇ ਮੰਗ ਕੀਤੀ ਕਿ ਲੋਕਾਂ ਦੇ ਜੀਵਨ ਨੂੰ ਬਚਾਉਣ ਲਈ ਹਰ ਮਕਾਨ ਵਿਚ ਬੰਕਰ ਬਣਾਏ ਜਾਣੇ ਚਾਹੀਦੇ ਹਨ। (ਏਜੰਸੀ)