
ਕੋਰੋਨਾ ਵਾਇਰਸ ਨੇ ਭਾਰਤ ਦੀ ਸਿਖਿਆ ਪ੍ਰਣਾਲੀ 'ਤੇ ਡੂੰਘਾ ਪ੍ਰਭਾਵ ਪਾਇਆ ਹੈ। ਕਈ ਰਾਜਾਂ ਵਿਚ ਪ੍ਰੀਖਿਆਵਾਂ ਮੁਲਤਵੀ
ਗੁਹਾਟੀ, 8 ਜੂਨ : ਕੋਰੋਨਾ ਵਾਇਰਸ ਨੇ ਭਾਰਤ ਦੀ ਸਿਖਿਆ ਪ੍ਰਣਾਲੀ 'ਤੇ ਡੂੰਘਾ ਪ੍ਰਭਾਵ ਪਾਇਆ ਹੈ। ਕਈ ਰਾਜਾਂ ਵਿਚ ਪ੍ਰੀਖਿਆਵਾਂ ਮੁਲਤਵੀ ਕਰ ਦਿਤੀਆਂ ਗਈਆਂ ਸਨ ਅਤੇ ਕਈ ਰਾਜਾਂ ਵਿਚ ਨਤੀਜੇ ਐਲਾਨਣ ਵਿਚ ਸਮਾਂ ਲੱਗ ਰਿਹਾ ਹੈ ਜਿਥੇ ਪ੍ਰੀਖਿਆਵਾਂ ਹੋਈਆਂ ਸਨ। ਹਾਲਾਂਕਿ, ਇਸ ਦੌਰਾਨ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਮਾਪਿਆਂ ਅਤੇ ਵਿਦਿਆਰਥੀਆਂ ਲਈ ਇਕ ਰਾਹਤ ਦੀ ਖ਼ਬਰ ਹੈ।
File Photo
ਅਸਾਮ ਸਰਕਾਰ ਨੇ ਉਨ੍ਹਾਂ ਮਾਪਿਆਂ ਨੂੰ ਰਾਹਤ ਦਿਤੀ ਹੈ ਜੋ ਕੋਰੋਨਾਵਾਇਰਸ ਤੇ ਤਾਲਾਬੰਦੀ ਕਾਰਨ ਵਿੱਤੀ ਤੌਰ 'ਤੇ ਪ੍ਰੇਸ਼ਾਨ ਹਨ। ਸਰਕਾਰ ਨੇ ਕਿਹਾ ਹੈ ਕਿ ਮੌਜੂਦਾ ਅਕਾਦਮਿਕ ਸੈਸ਼ਨ ਲਈ ਰਾਜ ਦੀਆਂ ਯੂਨੀਵਰਸਿਟੀਆਂ, ਕਾਲਜਾਂ ਅਤੇ ਉਚ ਸੈਕੰਡਰੀ ਸਕੂਲਾਂ ਵਿਚ ਮੁਫ਼ਤ ਦਾਖ਼ਲਾ ਹੋਵੇਗਾ। ਅਸਾਮ ਸਰਕਾਰ ਅਨੁਸਾਰ ਇਸ ਨਾਲ ਵਿੱਤੀ ਮੁਸ਼ਕਲਾਂ ਨਾਲ ਜੂਝ ਰਹੇ ਲੋਕਾਂ ਲਈ ਦਾਖ਼ਲੇ ਦਾ ਬੋਝ ਨਹੀਂ ਵਧੇਗਾ।
ਅਸਾਮ ਦੇ ਸਿਖਿਆ ਮੰਤਰੀ ਹਿਮੰਤਾ ਬਿਸਵਾ ਨੇ ਕਿਹਾ ਕਿ ਉੱਚ ਸੈਕੰਡਰੀ ਤੋਂ ਲੈ ਕੇ ਪੋਸਟ ਗਰੈਜੂਏਟ ਪੱਧਰ ਤਕ ਦੇ ਵਿਦਿਆਰਥੀ ਵਿਦਿਅਕ ਅਦਾਰਿਆਂ ਵਿਚ ਮੁਫ਼ਤ ਦਾਖਲਾ ਲੈ ਸਕਣਗੇ। ਇਸ ਵਿਚ ਮੈਡੀਕਲ, ਇੰਜੀਨੀਅਰਿੰਗ ਅਤੇ ਪੌਲੀਟੈਕਨਿਕ ਦੇ ਵਿਦਿਆਰਥੀ ਵੀ ਸ਼ਾਮਲ ਹਨ। ਅਸਾਮ ਦੇ ਇਨ੍ਹਾਂ ਅਦਾਰਿਆਂ ਵਿਚ ਦਾਖ਼ਲਾ ਫ਼ਾਰਮ ਵੀ ਮੁਫ਼ਤ ਉਪਲਬਧ ਹੋਣਗੇ। ਇੰਨਾ ਹੀ ਨਹੀਂ, ਜਿਹੜੇ ਵਿਦਿਆਰਥੀ ਅਸਾਮ ਸਿਖਿਆ ਵਿਭਾਗ ਦੇ ਵਿਦਿਆਰਥੀ ਹੋਸਟਲਾਂ ਵਿਚ ਰਹਿ ਰਹੇ ਹਨ, ਉਨ੍ਹਾਂ ਨੂੰ ਪਾਠ ਪੁਸਤਕਾਂ ਖ਼ਰੀਦਣ ਲਈ ਹਰ ਮਹੀਨੇ ਹਜ਼ਾਰ ਰੁਪਏ ਦਿਤੇ ਜਾਣਗੇ। ਹਿਮੰਤਾ ਬਿਸਵਾ ਅਨੁਸਾਰ ਇਸ ਲਈ ਸਾਰੇ ਵਿਦਿਆਰਥੀਆਂ ਨੂੰ ਦਾਖ਼ਲਾ ਫ਼ਾਰਮ ਵਿਚ ਅਪਣੇ ਬੈਂਕ ਦੇ ਵੇਰਵੇ ਦੇਣੇ ਪੈਣਗੇ, ਤਾਂ ਜੋ ਉਨ੍ਹਾਂ ਦੇ ਖਾਤੇ ਵਿਚ ਪੈਸੇ ਟ੍ਰਾਂਸਫ਼ਰ ਕਰਨ ਵਿਚ ਕੋਈ ਦੇਰੀ ਨਾ ਹੋਵੇ। (ਏਜੰਸੀ)