
ਭੋਜਨ ਦੇ ਮਾਮਲੇ 'ਚ ਕੇਰਲ ਸੱਭ ਤੋਂ ਸੁਰੱਖਿਅਤ
ਕੇਂਦਰ ਸ਼ਾਸ਼ਤ ਪ੍ਰਦੇਸ਼ਾਂ 'ਚ ਚੰਡੀਗੜ੍ਹ ਤੀਜੇ ਨੰਬਰ 'ਤੇ ਰਿਹਾ
ਨਵੀਂ ਦਿੱਲੀ : ਫ਼ੂਡ ਸੇਫ਼ਟੀ ਦੇ ਮਾਮਲੇ 'ਚ ਦੱਖਣੀ ਭਾਰਤ ਦੇ ਦੋ ਸੂਬਿਆਂ ਨੇ ਸਿਖਰਲੇ 10 'ਚ ਜਗ੍ਹਾ ਬਣਾਈ ਹੈ। ਕੇਰਲ ਸਭ ਤੋਂ ਸੁਰੱਖਿਅਤ ਅਤੇ ਤਾਮਿਲਨਾਡੂ ਭੋਜਨ ਦੇ ਮਾਮਲੇ ਵਿਚ ਤੀਜਾ ਸਭ ਤੋਂ ਸੁਰੱਖਿਅਤ ਸੂਬਾ ਹੈ। ਜਿਥੋਂ ਤਕ ਦੂਜਾ ਸਭ ਤੋਂ ਸੁਰੱਖਿਅਤ ਰਾਜ ਦਾ ਸਬੰਧ ਹੈ, ਇਹ ਪੰਜਾਬ ਹੈ। ਕੇਰਲਾ ਅਤੇ ਪੰਜਾਬ ਦੋਵਾਂ ਸੂਬਿਆਂ ਨੇ ਇਸ ਵਾਰ ਫ਼ੂਡ ਸੇਫ਼ਟੀ ਇੰਡੈਕਸ ਵਿਚ ਵੱਡੀ ਛਾਲ ਮਾਰੀ ਹੈ।
ਕੇਂਦਰ ਸਰਕਾਰ ਵਲੋਂ 5 ਭੋਜਨ ਸੁਰੱਖਿਆ ਸੂਚਕਾਂਕ (ਫ਼ੂਡ ਸੇਫ਼ਟੀ ਇੰਡੈਕਸ) ਜਾਰੀ ਕੀਤਾ ਗਿਆ। ਵੱਡੇ ਰਾਜਾਂ ਦੀ ਸੂਚੀ ਵਿਚ ਕੇਰਲਾ ਅਤੇ ਪੰਜਾਬ ਪਹਿਲੇ ਅਤੇ ਦੂਜੇ ਨੰਬਰ 'ਤੇ ਹਨ ਜਦਕਿ ਇਸ ਸੂਚੀ ਵਿਚ ਤਾਮਿਲਨਾਡੂ ਨੇ ਤੀਜਾ ਸਥਾਨ ਹਾਸਲ ਕੀਤਾ ਹੈ।
ਦੱਸ ਦਈਏ ਕਿ ਪਿਛਲੇ ਸਾਲ ਫ਼ੂਡ ਸੇਫ਼ਟੀ ਇੰਡੈਕਸ 'ਚ ਕੇਰਲ ਛੇਵੇਂ ਅਤੇ ਪੰਜਾਬ 11ਵੇਂ ਸਥਾਨ 'ਤੇ ਸੀ। ਇਸ ਦੇ ਨਾਲ ਹੀ ਇਸ ਵਾਰ ਰਾਜਸਥਾਨ ਨੇ ਵੀ ਭੋਜਨ ਦੇ ਮਾਮਲੇ ਵਿਚ ਅਪਣੀ ਸਥਿਤੀ ਵਿਚ ਸੁਧਾਰ ਕੀਤਾ ਹੈ ਅਤੇ ਦੋ ਅੰਕਾਂ ਦੇ ਸੁਧਾਰ ਨਾਲ 10ਵੇਂ ਤੋਂ 8ਵੇਂ ਸਥਾਨ 'ਤੇ ਆ ਗਿਆ ਹੈ। ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਨੇ ਵੀ ਇਕ ਅੰਕ ਦੇ ਸੁਧਾਰ ਨਾਲ ਪਿਛਲੇ ਸਾਲ ਦੇ ਮੁਕਾਬਲੇ 5ਵੇਂ ਤੋਂ ਚੌਥੇ ਨੰਬਰ 'ਤੇ ਅਪਣਾ ਸਥਾਨ ਬਣਾ ਲਿਆ ਹੈ।
ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਫਿਰ ਹੋਈ ਬੇਅਦਬੀ, ਕੂੜੇ ਦੇ ਢੇਰ 'ਚੋਂ ਮਿਲੀਆਂ ਗੁਰੂਆਂ ਤੇ ਦੇਵੀ-ਦੇਵਤਿਆਂ ਦੀਆਂ ਤਸਵੀਰਾਂ
ਜੇਕਰ ਅਸੀਂ ਫ਼ੂਡ ਸੇਫ਼ਟੀ ਇੰਡੈਕਸ ਵਿਚ 8 ਛੋਟੇ ਸੂਬਿਆਂ ਦੀ ਗੱਲ ਕਰੀਏ ਤਾਂ ਗੋਆ ਲਗਾਤਾਰ ਚੌਥੀ ਵਾਰ ਸਿਖ਼ਰ 'ਤੇ ਰਿਹਾ। ਮਨੀਪੁਰ ਅਤੇ ਸਿੱਕਮ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ 'ਤੇ ਰਹੇ ਹਨ। ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਜੰਮੂ-ਕਸ਼ਮੀਰ ਤੀਜੇ ਸਾਲ ਸਿਖਰਲੇ ਪੱਧਰ 'ਤੇ ਰਿਹਾ ਹੈ। ਦਿੱਲੀ ਦੂਜੇ ਅਤੇ ਚੰਡੀਗੜ੍ਹ ਤੀਜੇ ਸਥਾਨ ’ਤੇ ਰਿਹਾ। ਇਹ ਸੂਚੀ ਵੱਖ-ਵੱਖ ਮਾਪਦੰਡਾਂ ਦੇ ਮੁਲਾਂਕਣ ਦੇ ਆਧਾਰ 'ਤੇ ਜਾਰੀ ਕੀਤੀ ਜਾਂਦੀ ਹੈ। ਭੋਜਨ ਦੇ ਮਾਮਲੇ ਵਿਚ ਵੱਡੇ ਰਾਜਾਂ ਛੱਤੀਸਗੜ੍ਹ, ਆਂਧਰਾ ਪ੍ਰਦੇਸ਼, ਅਸਾਮ, ਬਿਹਾਰ ਅਤੇ ਝਾਰਖੰਡ ਦੀ ਕਾਰਗੁਜ਼ਾਰੀ ਬਹੁਤ ਮਾੜੀ ਰਹੀ ਹੈ।
ਇਸ ਤੋਂ ਇਲਾਵਾ ਦੇਸ਼ ਦੇ 260 ਜ਼ਿਲ੍ਹੇ ਫ਼ੂਡ ਸੇਫ਼ਟੀ ਇੰਡੈਕਸ ਵਿਚ ਸ਼ਾਮਲ ਕੀਤੇ ਗਏ ਸਨ। ਜਿਨ੍ਹਾਂ ਵਿਚੋਂ ਚੋਟੀ ਦੇ 6 ਜ਼ਿਲ੍ਹੇ ਕੋਇੰਬਟੂਰ, ਭੋਪਾਲ, ਵਾਰਾਣਸੀ, ਮਾਲਦਾ, ਗਵਾਲੀਅਰ ਅਤੇ ਲਖਨਊ ਹਨ। FSSAI ਅਗਲੇ 3 ਸਾਲਾਂ ਵਿਚ ਭੋਜਨ ਦੀ ਗੁਣਵੱਤਾ ਵਿਚ ਸੁਧਾਰ ਲਈ 25 ਲੱਖ ਫ਼ੂਡ ਬਿਜ਼ਨਸ ਆਪਰੇਟਰਾਂ ਨੂੰ ਸਿਖਲਾਈ ਦੇਵੇਗਾ। ਇਸ ਨਾਲ ਦੇਸ਼ ਵਿਚ ਭੋਜਨ ਦੀ ਗੁਣਵੱਤਾ ਦੇ ਮਾਪਦੰਡ ਪੂਰੇ ਹੋਣਗੇ। ਇਸ ਦੇ ਨਾਲ ਹੀ ਦੇਸ਼ ਭਰ ਵਿਚ 100 ਫ਼ੂਡ ਸਟ੍ਰੀਟ ਸਥਾਪਤ ਕਰਨ ਦਾ ਟੀਚਾ ਵੀ ਰਖਿਆ ਗਿਆ ਹੈ।
ਰੈਂਕਿੰਗ ਸੂਬਾ ਸਕੋਰ
1 ਕੇਰਲ 63
2 ਪੰਜਾਬ 57.5
3 ਤਾਮਿਲਨਾਡੂ 56.5
4 ਮੱਧ ਪ੍ਰਦੇਸ਼ 56.5
5 ਉੱਤਰ ਪ੍ਰਦੇਸ਼ 52.5