
ਮੁਲਜ਼ਮ ਨੇ ਕਤਲ ਅਤੇ ਸਰੀਰਕ ਸਬੰਧਾਂ ਤੋਂ ਇਨਕਾਰ ਕੀਤਾ
ਕਿਹਾ, ਸਰਸਵਤੀ ਵੈਧ ਨੇ ਜ਼ਹਿਰ ਖਾ ਕੇ ਖ਼ੁਦਕੁਸ਼ੀ ਕੀਤੀ ਸੀ, ਉਸ ਨੇ ਡਰ ਦੇ ਮਾਰੇ ਸਰੀਰ ਦੇ ਟੁਕੜੇ ਕਰ ਕੇ ਉਸ ਨੂੰ ਟਿਕਾਣੇ ਲਾਉਣ ਦੀ ਕੋਸ਼ਿਸ਼ ਕੀਤੀ
ਨਵੀਂ ਦਿੱਲੀ: ਅਪਣੀ ‘ਲਿਵਇਨ ਪਾਰਟਨਰ’ ਸਰਸਵਤੀ ਵੈਧ ਦਾ ਕਥਿਤ ਤੌਰ ’ਤੇ ਕਤਲ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਮਨੋਜ ਸਾਨੇ (56) ਨੇ ਦਾਅਵਾ ਕੀਤਾ ਹੈ ਕਿ ਵੈਧ ਨੇ ਜ਼ਹਿਰ ਪੀ ਕੇ ਖ਼ੁਦਕੁਸ਼ੀ ਕੀਤੀ ਸੀ ਅਤੇ ਉਸ ਨੇ ਸਿਰਫ਼ ਲਾਸ਼ ਦੇ ਟੁਕੜੇ ਕਰ ਕੇ ਉਸ ਨੂੰ ਟਿਕਾਣੇ ਲਾਉਣ ਦੀ ਕੋਸ਼ਿਸ਼ ਕੀਤੀ ਸੀ। ਪੁਲਿਸ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ।
ਇਕ ਅਧਿਕਾਰੀ ਨੇ ਕਿਹਾ ਕਿ ਮੁੰਬਈ ਦੇ ਬਾਹਰੀ ਖੇਤਰ ਮੀਰਾ ਰੋਡ (ਪੂਰਬ) ਇਲਾਕੇ ’ਚ ਵੀਰਵਾਰ ਨੂੰ ਗ੍ਰਿਫ਼ਤਾਰ ਸਾਨੇ ਨੇ ਜਾਂਚਕਰਤਾਵਾਂ ਨੂੰ ਇਹ ਵੀ ਦਸਿਆ ਕਿ ਉਹ ਐਚ.ਆਈ.ਵੀ. ਪੀੜਤ ਹੈ ਅਤੇ ਉਸ ਨੇ 36 ਸਾਲਾਂ ਦੀ ਵੈਧ ਨਾਲ ਕਦੇ ਸਰੀਰਕ ਸਬੰਧ ਨਹੀਂ ਬਣਾਏ ਸਨ।
ਸਾਨੇ ਨੇ ਕਥਿਤ ਤੌਰ ’ਤੇ ਪੁਲਿਸ ਨੂੰ ਦਸਿਆ ਕਿ ਵੈਧ ਦੇ ਮੂੰਹ ’ਚੋਂ ਝੱਗ ਨਿਕਲ ਰਿਹਾ ਸੀ ਅਤੇ ਜ਼ਹਿਰ ਖਾਣ ਤੋਂ ਬਾਅਦ ਤਿੰਨ ਜੂਨ ਦੀ ਸਵੇਰ ਉਸ ਦੀ ਮੌਤ ਹੋ ਗਈ ਸੀ। ਸਾਨੇ ਨੇ ਕਿਹਾ ਕਿ ਇਸ ਡਰ ਨਾਲ ਕਿ ਉਸ ਨੂੰ ਵੈਧ ਦੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਜਾਵੇਗਾ, ਉਸ ਨੇ ਸਰੀਰ ਨੂੰ ਟਿਕਾਣੇ ਲਾਉਣ ਦਾ ਫ਼ੈਸਲਾ ਕੀਤਾ।
ਪੁਲਿਸ ਨੇ ਇਹ ਵੀ ਕਿਹਾ ਕਿ ਉਸ ਨੇ ਸਰੀਰ ਨੂੰ ਟਿਕਾਣੇ ਲਾਉਣ ਤੋਂ ਬਾਅਦ ਖ਼ੁਦਕੁਸ਼ੀ ਦੀ ਯੋਜਨਾ ਬਣਾਈ ਸੀ।
ਉਨ੍ਹਾਂ ਕਿਹਾ ਕਿ ਪੁਲਿਸ ਨੇ ਅਜੇ ਤਕ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਸੰਭਵ ਹੈ ਕਿ ਮੁਲਜ਼ਮ ਜਾਂਚਕਰਤਾਵਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।
ਬੁਧਵਾਰ ਨੂੰ ਪੁਲਿਸ ਨੂੰ ਠਾਣੇ ਜ਼ਿਲ੍ਹੇ ਦੇ ਮੀਰਾ ਰੋਡ ਦੇ ਨਵਾਂ ਨਗਰ ਇਲਾਕੇ ਦੇ ਇਕ ਫ਼ਲੈਟ ਅੰਦਰ ਵੈਧ ਦੇ ਸਰੀਰ ਦੇ ਕੁਝ ਅੰਗ ਮਿਲੇ ਸਨ ਜਿਨ੍ਹਾਂ ’ਚੋਂ ਕੁਝ ਨੂੰ ਪ੍ਰੈਸ਼ਰ ਕੁੱਕਰ ’ਚ ਪਕਾਇਆ ਗਿਆ ਸੀ, ਅਤੇ ਕੁਝ ਨੂੰ ਭੁੰਨਿਆ ਗਿਆ ਸੀ। ਪੁਲਿਸ ਮੁਤਾਬਕ ਉਹ ਅਤੇ ਸਾਨੇ ਕਿਰਾਏ ਦੇ ਫ਼ਲੈਟ ’ਚ ਰਹਿ ਰਹੇ ਸਨ।
ਸਾਨੇ ਨੂੰ ਇਕ ਅਦਾਲਤ ਨੇ 16 ਜੂਨ ਤਕ ਪੁਲਿਸ ਹਿਰਾਸਤ ’ਚ ਭੇਜਿਆ ਹੈ। ਮਾਮਲੇ ’ਚ ਸਾਹਮਣੇ ਆਏ ਵੇਰਵਿਆਂ ਨੇ ਪਿਛਲੇ ਸਾਲ ਦੇ ਸ਼ਰਧਾ ਵਾਲਕਰ ਮਾਮਲੇ ਦੀਆਂ ਯਾਦਾਂ ਤਾਜ਼ਾ ਕਰਵਾ ਦਿਤੀਆਂ। ਅਧਿਕਾਰੀ ਨੇ ਦਸਿਆ ਕਿ ਪੁਲਿਸ ਨੇ ਇਹ ਦੌਰਾਨ ਵੈਧ ਦੀਆਂ ਤਿੰਨ ਭੈਣਾਂ ਦੇ ਬਿਆਨ ਕਰਜ ਕੀਤੇ ਹਨ।
ਉਨ੍ਹਾਂ ਕਿਹਾ ਕਿ ਅਪਰਾਧ ਪਿੱਛੇ ਦਾ ਉਦੇਸ਼ ਅਜੇ ਸਪੱਸ਼ਟ ਨਹੀਂ ਹੈ। ਅਜਿਹਾ ਸ਼ੱਕ ਹੈ ਕਿ ਵੈਧ ਦੀ ਮੌਤ 4 ਜੂਨ ਨੂੰ ਹੋਈ ਸੀ, ਪਰ ਮੌਤ ਦਾ ਪਤਾ 7 ਜੂਨ ਨੂੰ ਲਗਿਆ ਜਦੋਂ ਜੋੜੇ ਦੇ ਗੁਆਂਢੀਆਂ ਨੇ ਫ਼ਲੈਟ ’ਚੋਂ ਆਉਣ ਵਾਲੀ ਬੋਲ ਬਰਦਾਸ਼ਤ ਨਾ ਹੋਣ ’ਤੇ ਪੁਲਿਸ ਨੂੰ ਇਸ ਦੀ ਜਾਣਕਾਰੀ ਦਿਤੀ। ਗੁਆਂਢੀਆਂ ਨੇ ਪੁਲਿਸ ਨੂੰ ਇਹ ਵੀ ਦਸਿਆ ਕਿ ਸਾਨੇ ਪਿਛਲੇ ਕੁਝ ਦਿਨਾਂ ਤੋਂ ਆਵਾਰਾ ਕੁੱਤਿਆਂ ਨੂੰ ਖਾਣਾ ਖਿਲਾ ਰਿਹਾ ਸੀ।