
ਕੈਬਨਿਟ ਦੀ ਵੰਡ ਨੂੰ ਲੈ ਕੇ ਭਾਜਪਾ ਲੀਡਰਸ਼ਿਪ ਅਤੇ ਸਹਿਯੋਗੀਆਂ ਵਿਚਾਲੇ ਵਿਚਾਰ-ਵਟਾਂਦਰੇ
PM Modi Oath Ceremony: ਨਵੀਂ ਦਿੱਲੀ : ਪ੍ਰਧਾਨ ਮੰਤਰੀ ਅਹੁਦੇ ਲਈ ਮਨੋਨੀਤ ਨਰਿੰਦਰ ਮੋਦੀ ਐਤਵਾਰ ਨੂੰ ਲਗਾਤਾਰ ਤੀਜੀ ਵਾਰ ਸਹੁੰ ਚੁਕਣਗੇ ਅਤੇ ਉਹ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਤੋਂ ਬਾਅਦ ਇਸ ਪ੍ਰਾਪਤੀ ਨੂੰ ਹਾਸਲ ਕਰਨ ਵਾਲੇ ਦੂਜੇ ਸਿਆਸੀ ਆਗੂ ਬਣ ਜਾਣਗੇ। ਸਹੁੰ ਚੁੱਕ ਸਮਾਗਮ ਸ਼ਾਮ 7:15 ਵਜੇ ਹੋਵੇਗਾ।
ਇਸ ਦੌਰਾਨ ਨਵੀਂ ਸਰਕਾਰ ’ਚ ਕੌਮੀ ਜਮਹੂਰੀ ਗਠਜੋੜ (ਐੱਨ.ਡੀ.ਏ.) ਦੇ ਵੱਖ-ਵੱਖ ਹਿੱਸਿਆਂ ਲਈ ਕੈਬਨਿਟ ਦੀ ਵੰਡ ਨੂੰ ਲੈ ਕੇ ਭਾਜਪਾ ਲੀਡਰਸ਼ਿਪ ਅਤੇ ਸਹਿਯੋਗੀਆਂ ਵਿਚਾਲੇ ਵਿਚਾਰ-ਵਟਾਂਦਰੇ ਚਲ ਰਹੇ ਹਨ। ਅਮਿਤ ਸ਼ਾਹ ਅਤੇ ਰਾਜਨਾਥ ਸਿੰਘ ਤੋਂ ਇਲਾਵਾ ਪਾਰਟੀ ਪ੍ਰਧਾਨ ਜੇ.ਪੀ. ਨੱਢਾ ਵਰਗੇ ਸੀਨੀਅਰ ਭਾਜਪਾ ਆਗੂ ਸਰਕਾਰ ’ਚ ਪ੍ਰਤੀਨਿਧਗੀ ਨੂੰ ਲੈ ਕੇ ਤੇਲਗੂ ਦੇਸ਼ਮ ਪਾਰਟੀ ਦੇ ਐਨ. ਚੰਦਰਬਾਬੂ ਨਾਇਡੂ, ਜਨਤਾ ਦਲ (ਯੂ) ਦੇ ਨਿਤੀਸ਼ ਕੁਮਾਰ ਅਤੇ ਸ਼ਿਵ ਸੈਨਾ ਦੇ ਏਕਨਾਥ ਸ਼ਿੰਦੇ ਸਮੇਤ ਸਹਿਯੋਗੀ ਪਾਰਟੀਆਂ ਨਾਲ ਵਿਚਾਰ-ਵਟਾਂਦਰਾ ਕਰ ਰਹੇ ਹਨ।
ਮੰਨਿਆ ਜਾ ਰਿਹਾ ਹੈ ਕਿ ਗ੍ਰਹਿ, ਵਿੱਤ, ਰੱਖਿਆ ਅਤੇ ਵਿਦੇਸ਼ ਮਾਮਲਿਆਂ ਵਰਗੇ ਮਹੱਤਵਪੂਰਨ ਵਿਭਾਗਾਂ ਤੋਂ ਇਲਾਵਾ ਸਿਖਿਆ ਅਤੇ ਸਭਿਆਚਾਰ ਵਰਗੇ ਦੋ ਮਜ਼ਬੂਤ ਵਿਚਾਰਕ ਪਹਿਲੂਆਂ ਵਾਲੇ ਮੰਤਰਾਲੇ ਭਾਜਪਾ ਕੋਲ ਬਣੇ ਰਹਿਣਗੇ, ਜਦਕਿ ਉਸ ਦੇ ਸਹਿਯੋਗੀਆਂ ਨੂੰ ਪੰਜ ਤੋਂ ਅੱਠ ਕੈਬਨਿਟ ਅਹੁਦੇ ਮਿਲ ਸਕਦੇ ਹਨ।
ਪਾਰਟੀ ਦੇ ਅੰਦਰ, ਜਿਥੇ ਸ਼ਾਹ ਅਤੇ ਰਾਜਨਾਥ ਸਿੰਘ ਵਰਗੇ ਆਗੂਆਂ ਦਾ ਨਵੀਂ ਕੈਬਨਿਟ ’ਚ ਸ਼ਾਮਲ ਹੋਣਾ ਤੈਅ ਮੰਨਿਆ ਜਾ ਰਿਹਾ ਹੈ, ਉਥੇ ਲੋਕ ਸਭਾ ’ਚ ਚੋਣ ਜਿੱਤਣ ਵਾਲੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਬਸਵਰਾਜ ਬੋਮਈ, ਮਨੋਹਰ ਲਾਲ ਖੱਟਰ ਅਤੇ ਸਰਬਾਨੰਦ ਸੋਨੋਵਾਲ ਵਰਗੇ ਸਾਬਕਾ ਮੁੱਖ ਮੰਤਰੀ ਜੋ ਲੋਕ ਸਭਾ ਚੋਣਾਂ ਜਿੱਤੇ ਸਨ, ਸਰਕਾਰ ’ਚ ਸ਼ਾਮਲ ਹੋਣ ਦੇ ਮਜ਼ਬੂਤ ਦਾਅਵੇਦਾਰ ਹਨ।
ਸੂਤਰਾਂ ਨੇ ਦਸਿਆ ਕਿ ਤੇਲਗੂ ਦੇਸ਼ਮ ਪਾਰਟੀ (ਟੀ.ਡੀ.ਪੀ.) ਦੇ ਰਾਮ ਮੋਹਨ ਨਾਇਡੂ, ਜਨਤਾ ਦਲ (ਯੂ) ਦੇ ਲਲਨ ਸਿੰਘ, ਸੰਜੇ ਝਾਅ ਤੇ ਰਾਮ ਨਾਥ ਠਾਕੁਰ ਅਤੇ ਲੋਕ ਜਨਸ਼ਕਤੀ ਪਾਰਟੀ (ਐਲ.ਜੇ.ਪੀ.) ਦੇ ਚਿਰਾਗ ਪਾਸਵਾਨ ਉਨ੍ਹਾਂ ਸਹਿਯੋਗੀਆਂ ਵਿਚ ਸ਼ਾਮਲ ਹਨ ਜੋ ਨਵੀਂ ਸਰਕਾਰ ਦਾ ਹਿੱਸਾ ਹੋ ਸਕਦੇ ਹਨ। ਮਹਾਰਾਸ਼ਟਰ, ਜਿੱਥੇ ਭਾਜਪਾ-ਸ਼ਿਵ ਸੈਨਾ-ਐਨ.ਸੀ.ਪੀ. ਗੱਠਜੋੜ ਦਾ ਪ੍ਰਦਰਸ਼ਨ ਮਾੜਾ ਰਿਹਾ ਹੈ, ਅਤੇ ਬਿਹਾਰ, ਜਿੱਥੇ ਵਿਰੋਧੀ ਧਿਰ ਨੇ ਵਾਪਸੀ ਦੇ ਸੰਕੇਤ ਵਿਖਾਏ ਹਨ, ਸਰਕਾਰ ਬਣਾਉਣ ਦੀ ਕਵਾਇਦ ਦੌਰਾਨ ਧਿਆਨ ਕੇਂਦਰਿਤ ਕਰ ਸਕਦੇ ਹਨ ਮਹਾਰਾਸ਼ਟਰ ’ਚ ਅਕਤੂਬਰ ’ਚ ਅਤੇ ਬਿਹਾਰ ’ਚ ਅਗਲੇ ਸਾਲ ਚੋਣਾਂ ਹੋਣੀਆਂ ਹਨ। ਪਾਰਟੀ ਮੰਤਰੀਆਂ ਦੇ ਨਾਵਾਂ ਨੂੰ ਅੰਤਿਮ ਰੂਪ ਦਿੰਦੇ ਸਮੇਂ ਭਾਜਪਾ ਦੇ ਸੰਗਠਨ ’ਚ ਤਬਦੀਲੀਆਂ ਵੀ ਚੋਣਕਾਰਾਂ ਦੇ ਦਿਮਾਗ ’ਚ ਹੋਣਗੀਆਂ।
ਨੱਢਾ ਦਾ ਕਾਰਜਕਾਲ ਲੋਕ ਸਭਾ ਚੋਣਾਂ ਕਾਰਨ ਵਧਾਇਆ ਗਿਆ ਸੀ ਅਤੇ ਸੰਗਠਨਾਤਮਕ ਕੰਮਕਾਜ ਪਾਰਟੀ ਲਈ ਮਹੱਤਵਪੂਰਨ ਹੋਣਗੇ, ਕਿਉਂਕਿ ਚੋਣ ਨਤੀਜਿਆਂ ਨੇ ਸੰਕੇਤ ਦਿਤਾ ਹੈ ਕਿ ਇਸ ਦੀ ਵਿਸ਼ਾਲ ਮਸ਼ੀਨਰੀ ਵਿਚ ਸੱਭ ਕੁੱਝ ਠੀਕ ਨਹੀਂ ਹੈ। ਸੂਤਰਾਂ ਨੇ ਦਸਿਆ ਕਿ ਕਿਸੇ ਤਜਰਬੇਕਾਰ ਵਿਅਕਤੀ ਨੂੰ ਪਾਰਟੀ ’ਚ ਭੇਜਣ ਅਤੇ ਨੱਢਾ ਨੂੰ ਸਰਕਾਰ ’ਚ ਥਾਂ ਦੇਣ ਦੀ ਵੀ ਸੰਭਾਵਨਾ ਹੈ।
ਭਾਰਤੀ ਜਨਤਾ ਪਾਰਟੀ ਲੋਕ ਸਭਾ ਚੋਣਾਂ ’ਚ ਹੈਰਾਨੀਜਨਕ ਮਾੜੇ ਪ੍ਰਦਰਸ਼ਨ ਤੋਂ ਬਾਅਦ ਨਿਰੰਤਰਤਾ ਦਾ ਸੰਦੇਸ਼ ਦੇਣ ਅਤੇ ਸਿਆਸੀ ਕਮਜ਼ੋਰੀ ਦੀ ਕਿਸੇ ਵੀ ਧਾਰਨਾ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਨ੍ਹਾਂ ਆਮ ਚੋਣਾਂ ’ਚ ਪਾਰਟੀ ਨੂੰ 240 ਸੀਟਾਂ ਮਿਲੀਆਂ ਸਨ, ਜੋ ਬਹੁਮਤ ਦੇ ਅੰਕੜੇ ਤੋਂ 32 ਘੱਟ ਹਨ। ਪਾਰਟੀ ਨੇ 2019 ਦੀਆਂ ਚੋਣਾਂ ’ਚ 303 ਸੀਟਾਂ ਜਿੱਤੀਆਂ ਸਨ। ਸਰਕਾਰ ਨੇ ਸਨਿਚਰਵਾਰ ਨੂੰ ਐਲਾਨ ਕੀਤਾ ਕਿ ਬੰਗਲਾਦੇਸ਼, ਸ਼੍ਰੀਲੰਕਾ, ਨੇਪਾਲ, ਭੂਟਾਨ, ਮਾਲਦੀਵ ਅਤੇ ਮਾਰੀਸ਼ਸ ਸਮੇਤ ਕਈ ਗੁਆਂਢੀ ਦੇਸ਼ਾਂ ਦੇ ਨੇਤਾ ਸਹੁੰ ਚੁੱਕ ਸਮਾਰੋਹ ਵਿਚ ਸ਼ਾਮਲ ਹੋਣਗੇ।
(For more news apart from PM Modi Oath Ceremony today news In Punjabi , stay tuned to Rozana Spokesman)