
ਭਾਜਪਾ ਦੀ ਸਹਿਯੋਗੀ ਜੇਡੀਯੂ ਨੇ ਅਪਣੇ ਪ੍ਰਧਾਨ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਆਗਾਮੀ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਸਮੇਤ ਵੱਖ ਵੱਖ ਰਾਜਸੀ....
ਨਵੀਂ ਦਿੱਲੀ, ਭਾਜਪਾ ਦੀ ਸਹਿਯੋਗੀ ਜੇਡੀਯੂ ਨੇ ਅਪਣੇ ਪ੍ਰਧਾਨ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਆਗਾਮੀ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਸਮੇਤ ਵੱਖ ਵੱਖ ਰਾਜਸੀ ਮੁੱਦਿਆਂ 'ਤੇ ਪਾਰਟੀ ਦਾ ਰੁਖ਼ ਤੈਅ ਕਰਨ ਲਈ ਅਧਿਕਾਰ ਦੇ ਦਿਤੇ ਹਨ।ਬੈਠਕ ਵਿਚ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਨੇ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਇਕੱਠਿਆਂ ਕਰਾਏ ਜਾਣ ਦੇ ਪ੍ਰਸਤਾਵ ਦਾ ਸਮਰਥਨ ਕੀਤਾ।
ਮੋਦੀ ਸਰਕਾਰ ਇਸ ਪ੍ਰਸਤਾਵ ਦਾ ਜ਼ੋਰਦਾਰ ਸਮਰਥਨ ਕਰ ਰਹੀ ਹੈ। ਪਾਰਟੀ ਦੀ ਇਸ ਬੈਠਕ ਵਿਚ ਨਿਤੀਸ਼ ਕੁਮਾਰ ਸਮੇਤ ਸੀਨਅਰ ਆਗੂ ਸ਼ਾਮਲ ਹੋਏ। ਸੂਤਰਾਂ ਨੇ ਦਸਿਆ ਕਿ ਪਾਰਟੀ ਨੇ ਹੋਰ ਪਾਰਟੀਆਂ ਨਾਲ ਗੱਲਬਾਤ ਰਾਹੀਂ ਸਰਬਸੰਮਤੀ ਤਿਆਰ ਕਰਨ 'ਤੇ ਜ਼ੋਰ ਦਿਤਾ। ਜੇਡੀਯੂ ਦੇ ਸੰਜੇ ਕੁਮਾਰ ਝਾਅ ਨੇ ਕਿਹਾ ਕਿ ਇਹ ਫ਼ੈਸਲਾ ਬਾਅਦ ਵਿਚ ਕੀਤਾ ਜਾਵੇਗਾ ਕਿ ਕਿਹੜੀ ਪਾਰਟੀ ਕਿੰਨੀਆਂ ਸੀਟਾਂ 'ਤੇ ਚੋਣ ਲੜੇਗੀ।
ਐਨਡੀਏ ਨਾਲੋ ਨਾਲ ਚੋਣਾਂ ਲੜੇਗਾ ਅਤੇ ਪੂਰੇ ਰਾਜ ਵਿਚ ਜਿੱਤ ਹਾਸਲ ਕਰੇਗਾ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਭ੍ਰਿਸ਼ਟਾਚਾਰ, ਅਪਰਾਧ ਅਤੇ ਫ਼ਿਰਕਾਪ੍ਰਸਤੀ ਵਿਰੁਧ ਅਪਣਾ ਨਜ਼ਰੀਆ ਦੁਹਰਾਉਂਦਿਆਂ ਕਿਹਾ ਕਿ ਜਿਹੜੇ ਲੋਕ ਰਾਜ ਵਿਚ ਉਨ੍ਹਾਂ ਦੀ ਪਾਰਟੀ ਨੂੰ ਹਾਸ਼ੀਏ 'ਤੇ ਸੁੱਟਣ ਬਾਰੇ ਸੋਚ ਰਹੇ ਹਨ, ਉਹ ਖ਼ੁਦ ਹੀ ਹਾਸ਼ੀਏ 'ਤੇ ਚਲੇ ਜਾਣਗੇ।
ਲਗਦਾ ਹੈ ਕਿ ਉਨ੍ਹਾਂ ਦੀ ਟਿਪਣੀ ਭਾਈਵਾਲ ਭਾਜਪਾ ਲਈ ਸੁਨੇਹਾ ਹੈ ਜਿਸ ਦੇ ਕੁੱਝ ਆਗੂ ਫ਼ਿਰਕੂ ਤਣਾਅ ਅਤੇ ਰਾਜ ਵਿਚ ਹਿੰਸਦਾ ਨਾਲ ਜੁੜੇ ਹੋਏ ਹਨ। ਕਾਰਜਕਾਰਣੀ ਦੀ ਬੈਠਕ ਵਿਚ ਨਿਤੀਸ਼ ਨੇ ਕਿਹਾ ਕਿ ਭਾਜਪਾ ਜਦ ਕੋਈ ਪ੍ਰਸਤਾਵ ਕਰਦੀ ਹੈ ਤਦ ਜੇਡੀਯੂ ਪਾਰਟੀ ਹਿੱਤ ਵਿਚ ਫ਼ੈਸਲਾ ਕਰੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕੋਈ ਵੀ ਕਿਨਾਰੇ ਨਹੀਂ ਕਰ ਸਕਦਾ। ਫ਼ਿਰਕਾਪ੍ਰਸਤੀ ਅਤੇ ਭ੍ਰਿਸ਼ਟਾਚਾਰ ਨਾਲ ਸਮਝੌਤਾ ਨਹੀਂ ਹੋਵੇਗਾ।
ਪਾਰਟੀ ਨੇ ਨਾਗਰਿਕਤਾ ਸੋਧ ਬਿਲ ਦਾ ਪਾਰਟੀ ਦੁਆਰਾ ਵਿਰੋਧ ਕਰਨ ਨੂੰ ਵੀ ਦੁਹਰਾਇਆ। ਇਸ ਬਿਲ ਵਿਚ ਅਫ਼ਗ਼ਾਨਿਸਤਾਨ, ਬੰਗਲਾਦੇਸ਼ ਜਾਂ ਪਾਕਿਸਤਾਨ ਤੋਂ ਆਏ ਹਿੰਦੂਆਂ, ਸਿੱਖਾਂ, ਬੋਧੀਆਂ, ਜੈਨਾਂ, ਪਾਰਸੀ ਅਤੇ ਈਸਾਈਆਂ ਨੂੰ ਛੇ ਸਾਲਾਂ ਦੇ ਪ੍ਰਵਾਸ ਮਗਰੋਂ ਭਾਰਤੀ ਨਾਗਰਿਕਤਾ ਲਈ ਯੋਗ ਹੋਣ ਦਾ ਪ੍ਰਾਵਧਾਨ ਕੀਤਾ ਗਿਆ ਹੈ। ਪਾਰਟੀ ਨੇ ਕਿਹਾ ਕਿ ਨਾਗਰਿਕਤਾ ਲਈ ਧਰਮ ਆਧਾਰ ਨਹੀਂ ਹੋ ਸਕਦਾ। (ਏਜੰਸੀ)