
ਜਦੋਂ ਦਿੱਲੀ ਅਤੇ ਪੰਜਾਬ ਦੇ ਲੋਕਾਂ ਨੂੰ ਬਿਜਲੀ ਕੱਟਾਂ ਤੋਂ ਬਿਨਾਂ ਬਿਜਲੀ ਮਿਲ ਸਕਦੀ ਹੈ ਤਾਂ ਹਰਿਆਣਾ ਨੂੰ ਕਿਉਂ ਨਹੀਂ
ਹਰਿਆਣਾ - ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬਿਜਲੀ ਸਮੱਸਿਆ ਦੇ ਮੁੱਦੇ 'ਤੇ ਹਰਿਆਣਾ ਸਰਕਾਰ ਨੂੰ ਘੇਰਿਆ। ਪੰਚਕੂਲਾ 'ਚ ਪਾਰਟੀ ਵੱਲੋਂ ਅੱਜ ਬਿਜਲੀ ਅੰਦੋਲਨ ਦੀ ਸ਼ੁਰੂਆਤ ਦੇ ਮੌਕੇ 'ਤੇ ਪਹੁੰਚੇ ਕੇਜਰੀਵਾਲ ਨੇ ਕਿਹਾ ਕਿ ਹਰਿਆਣਾ 'ਚ ਬਿਜਲੀ ਦੀ ਵੱਡੀ ਸਮੱਸਿਆ ਹੈ। ਕਈ ਘੰਟੇ ਬਿਜਲੀ ਕੱਟ ਲੱਗ ਰਹੇ ਹਨ। ਮਨਮਾਨੇ ਬਿਜਲੀ ਦੇ ਬਿੱਲ ਭੇਜੇ ਜਾ ਰਹੇ ਹਨ।
ਦੂਜੇ ਪਾਸੇ ਦਿੱਲੀ ਅਤੇ ਪੰਜਾਬ ਵਿਚ ਲੋਕਾਂ ਨੂੰ 24 ਘੰਟੇ ਮੁਫ਼ਤ ਬਿਜਲੀ ਮਿਲ ਰਹੀ ਹੈ। ਉਨ੍ਹਾਂ ਸਵਾਲ ਚੁੱਕਿਆ ਕਿ ਜਦੋਂ ਦਿੱਲੀ ਅਤੇ ਪੰਜਾਬ ਦੇ ਲੋਕਾਂ ਨੂੰ ਬਿਜਲੀ ਕੱਟਾਂ ਤੋਂ ਬਿਨਾਂ ਬਿਜਲੀ ਮਿਲ ਸਕਦੀ ਹੈ ਤਾਂ ਹਰਿਆਣਾ ਨੂੰ ਕਿਉਂ ਨਹੀਂ। ਹਰਿਆਣਾ ਸਰਕਾਰ ਦੀ ਨੀਅਤ ਸਾਫ਼ ਨਹੀਂ ਹੈ, ਜਿਸ ਕਾਰਨ ਸੂਬੇ ਦੇ ਲੋਕਾਂ ਨੂੰ ਮੁਫ਼ਤ ਬਿਜਲੀ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਮੁਫ਼ਤ ਬਿਜਲੀ ਅਤੇ ਪਾਣੀ ਦੇਣ ਦੇ ਬਾਵਜੂਦ ਦਿੱਲੀ ਦਾ ਬਜਟ ਘਾਟੇ ਵਿਚ ਨਹੀਂ ਹੈ।
ਹਰਿਆਣਾ 'ਚ 200 ਯੂਨਿਟ ਬਿਜਲੀ ਖਰਚ ਕਰਨ 'ਤੇ 1200 ਰੁਪਏ ਦਾ ਬਿੱਲ ਆਉਂਦਾ ਹੈ, ਜਦਕਿ ਦਿੱਲੀ 'ਚ 200 ਯੂਨਿਟ ਬਿਜਲੀ ਖਰਚ ਕਰਨ 'ਤੇ ਜ਼ੀਰੋ ਬਿੱਲ ਆਉਂਦਾ ਹੈ। ਇਸ ਦੇ ਨਾਲ ਹੀ ਪੰਜਾਬ 'ਚ 300 ਬਿਜਲੀ ਯੂਨਿਟ ਖਰਚਣ 'ਤੇ ਜ਼ੀਰੋ ਬਿੱਲ ਆਉਂਦਾ ਹੈ। ਕੇਜਰੀਵਾਲ ਨੇ ਕਿਹਾ ਕਿ ਮੈਂ ਖ਼ੁਦ ਹਰਿਆਣਾ ਦਾ ਵਾਸੀ ਹਾਂ।
ਉਹਨਾਂ ਕਿਹਾ ਕਿ ਉਹਨਾਂ ਦੇ ਰਿਸ਼ਤੇਦਾਰ, ਦੋਸਤ ਇੱਥੋਂ ਦੇ ਹਨ।
ਇਹ ਲੋਕ ਮੈਨੂੰ ਮਿਲਣ ਲਈ ਦਿੱਲੀ ਆਉਂਦੇ ਰਹਿੰਦੇ ਹਨ। ਉਹ ਦੱਸਦੇ ਹਨ ਕਿ ਹਰਿਆਣਾ ਵਿਚ ਬਿਜਲੀ ਦੀ ਬਹੁਤ ਸਮੱਸਿਆ ਹੈ। ਬਿਜਲੀ ਦੇ ਕੱਟ ਲੱਗਦੇ ਹਨ। ਕਈ ਕਹਿੰਦੇ ਹਨ ਕਿ ਛੇ ਘੰਟੇ ਲੱਗਦੇ ਹਨ। ਕੁਝ ਕਹਿੰਦੇ ਹਨ ਕਿ ਅੱਠ ਘੰਟੇ ਲੱਗਦੇ ਹਨ। ਭਾਜਪਾ ਦੇ ਇੱਕ ਨੇਤਾ ਨੇ ਵੀ ਟਵੀਟ ਕੀਤਾ ਹੈ ਕਿ ਗੁਰੂਗ੍ਰਾਮ ਵਿਚ ਅੱਠ ਘੰਟੇ ਕੱਟ ਲੱਗਦਾ ਹੈ।
ਦਿੱਲੀ ਵਿਚ ਇੱਕ ਘੰਟੇ ਦਾ ਵੀ ਬਿਜਲੀ ਕੱਟ ਨਹੀਂ ਹੈ। ਉਨ੍ਹਾਂ ਨੇ ਹਰਿਆਣਾ ਦੇ ਵਰਕਰਾਂ ਨੂੰ ਕਿਹਾ ਕਿ ਦਿੱਲੀ ਅਤੇ ਪੰਜਾਬ ਦੀਆਂ ਚੋਣਾਂ ਬਿਜਲੀ ਦੇ ਮੁੱਦੇ 'ਤੇ ਜਿੱਤੀਆਂ ਗਈਆਂ ਹਨ। ਹਰਿਆਣਾ ਦੇ ਹਰ ਘਰ ਵਿਚ ਬਿਜਲੀ ਦਾ ਮੁੱਦਾ ਪਹੁੰਚਾ ਦਿਓ, ਪਾਰਟੀ ਨੂੰ 2024 ਵਿਚ ਸੱਤਾ ਵਿੱਚ ਆਉਣ ਤੋਂ ਕੋਈ ਨਹੀਂ ਰੋਕ ਸਕਦਾ। ਫਿਰ ਹਰਿਆਣਾ ਦੀ ਵੀ ਸਫ਼ਾਈ ਕਰਾਂਗੇ।
ਇਸ ਮੌਕੇ 'ਆਪ' ਦੇ ਸੂਬਾ ਪ੍ਰਧਾਨ ਸੁਸ਼ੀਲ ਗੁਪਤਾ, 'ਆਪ' ਆਗੂ ਡਾ: ਅਸ਼ੋਕ ਤੰਵਰ ਅਤੇ ਅਨੁਰਾਗ ਢਾਂਡਾ ਹਾਜ਼ਰ ਸਨ। ਹਰਿਆਣਾ ਨੂੰ ਨਵੇਂ ਇੰਜਣ ਦੀ ਲੋੜ ਹੈ, ਡਬਲ ਨਹੀਂ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਪ੍ਰੋਗਰਾਮ 'ਚ ਪਹੁੰਚੇ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਪਹਿਲਾਂ ਪੰਜਾਬ 'ਚ ਵੀ ਬਿਜਲੀ ਦੇ ਵੱਡੇ ਕੱਟ ਲੱਗਦੇ ਸਨ। ਜਨਤਾ ਤਾਂ ਦੁਖੀ ਸੀ, ਪਰ ਹੁਣ ਪੂਰੇ ਪੰਜਾਬ ਨੂੰ ਪੂਰੀ ਬਿਜਲੀ ਮਿਲ ਰਹੀ ਹੈ, ਉਹ ਵੀ ਮੁਫਤ। ਜਦੋਂ ਕਿ ਨਾ ਤਾਂ ਬਿਜਲੀ ਦੀਆਂ ਲਾਈਨਾਂ ਬਦਲੀਆਂ, ਨਾ ਹੀ ਟਰਾਂਸਫਾਰਮਰ ਬਦਲੇ ਅਤੇ ਨਾ ਹੀ ਅਧਿਕਾਰੀ ਬਦਲੇ।
ਸਿਰਫ਼ ਸਾਡਾ ਇਰਾਦਾ ਸਾਫ਼ ਸੀ। ਪੰਜਾਬ ਦੇ 90 ਫ਼ੀਸਦੀ ਘਰਾਂ ਦੇ ਬਿਜਲੀ ਬਿੱਲ ਜ਼ੀਰੋ ਆ ਰਹੇ ਹਨ। ਪਹਿਲਾਂ ਖ਼ਬਰਾਂ ਆਉਂਦੀਆਂ ਸਨ ਕਿ ਪੰਜਾਬ ਵਿਚ ਸਿਰਫ਼ ਪੰਜ ਦਿਨ ਦਾ ਕੋਲਾ ਬਚਿਆ ਹੈ। ਥਰਮਲ ਪਲਾਂਟ ਕਿਸੇ ਵੀ ਸਮੇਂ ਬੰਦ ਹੋ ਸਕਦਾ ਹੈ। ਜਦੋਂ ਸਾਡੀ ਸਰਕਾਰ ਆਈ ਸੀ, ਅੱਜ ਪੰਜਾਬ ਕੋਲ 51 ਦਿਨਾਂ ਲਈ ਕੋਲਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਨੂੰ ਡਬਲ ਇੰਜਣ ਦੀ ਨਹੀਂ ਸਗੋਂ ਨਵੇਂ ਇੰਜਣ ਦੀ ਲੋੜ ਹੈ। ਨਵਾਂ ਇੰਜਣ ਅਰਵਿੰਦ ਕੇਜਰੀਵਾਲ ਦਾ ਹੈ। ਦਿੱਲੀ ਅਤੇ ਪੰਜਾਬ ਦੇ ਲੋਕ ਹੁਣ ਸੁਖੀ ਜੀਵਨ ਬਤੀਤ ਕਰ ਰਹੇ ਹਨ। ਹਰਿਆਣਾ ਵਿਚ ਵੀ ਆਪ ਦੀ ਸਰਕਾਰ ਆਵੇਗੀ।