
ਸਾਥੀ ਤੇਲੁ ਰਾਮ ਦੀ ਜਾਨ ਬਚਾਉਂਦੇ ਸਮੇਂ ਨਾਇਬ ਸੂਬੇਦਾਰ ਕੁਲਦੀਪ ਸਿੰਘ ਵੀ ਹੋਏ ਸ਼ਹੀਦ
ਜੰਮੂ : ਜੰਮੂ-ਕਸ਼ਮੀਰ ਦੇ ਪੁੰਛ ਵਿਚ ਭਾਰੀ ਮੀਂਹ ਕਾਰਨ ਆਏ ਹੜ੍ਹ ਕਾਰਨ ਪੰਜਾਬ ਦੇ ਦੋ ਜਵਾਨ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਏ ਸਨ ਜਿਨ੍ਹਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਅਧਿਕਾਰੀਆਂ ਨੇ ਐਤਵਾਰ ਨੂੰ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦਸਿਆ ਕਿ ਦੋਵੇਂ ਫ਼ੌਜੀ ਜਵਾਨ ਸੂਰਨਕੋਟ ਇਲਾਕੇ 'ਚ ਡੋਗਰਾ ਨਾਲੇ ਨੂੰ ਪਾਰ ਕਰ ਰਹੇ ਸਨ, ਜਦੋਂ ਪਾਣੀ ਦੇ ਤੇਜ਼ ਵਹਾਅ ਦੀ ਲਪੇਟ 'ਚ ਆ ਗਏ।
ਇਹ ਵੀ ਪੜ੍ਹੋ: ਭਾਰੀ ਬਾਰਸ਼ ਕਾਰਨ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਜਲ ਸਰੋਤ ਵਿਭਾਗ ਨੇ ਕੀਤੀ ਤਿਆਰੀ : ਮੀਤ ਹੇਅਰ
ਅਧਿਕਾਰੀਆਂ ਮੁਤਾਬਕ ਨਾਇਬ ਸੂਬੇਦਾਰ ਕੁਲਦੀਪ ਸਿੰਘ ਦੀ ਲਾਸ਼ ਸ਼ਨੀਵਾਰ ਰਾਤ ਨੂੰ ਡੋਗਰਾ ਡਰੇਨ 'ਚੋਂ ਕੱਢੀ ਗਈ ਸੀ, ਜਦਕਿ ਲਾਂਸ ਨਾਇਕ ਤੇਲੂ ਰਾਮ ਦੀ ਲਾਸ਼ ਐਤਵਾਰ ਨੂੰ ਬਰਾਮਦ ਕੀਤੀ ਗਈ ਸੀ। ਦੋਵਾਂ ਜਵਾਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਫ਼ੌਜ ਨੇ ਕਿਹਾ ਕਿ ਹਾਦਸੇ ਦੇ ਸਮੇਂ ਜਵਾਨ ਇਲਾਕੇ 'ਚ ਗਸ਼ਤ ਕਰ ਰਹੇ ਸਨ।
ਵ੍ਹਾਈਟ ਨਾਈਟ ਕੋਰ ਨੇ ਟਵਿੱਟਰ 'ਤੇ ਕਿਹਾ, "ਪੁੰਛ ਖੇਤਰ ਵਿਚ ਗਸ਼ਤ ਕਰਦੇ ਸਮੇਂ, ਲਾਂਸ ਨਾਇਕ ਤੇਲੂ ਰਾਮ ਪਹਾੜੀ ਨਾਲੇ ਨੂੰ ਪਾਰ ਕਰਦੇ ਸਮੇਂ ਅਚਾਨਕ ਹੜ੍ਹ ਵਿਚ ਰੁੜ ਗਿਆ। ਇਸ ਦੌਰਾਨ ਨਾਇਬ ਸੂਬੇਦਾਰ ਕੁਲਦੀਪ ਸਿੰਘ ਨੇ ਲਾਂਸ ਨਾਇਕ ਤੇਲੂ ਰਾਮ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਆਪਣੀ ਜਾਨ ਗੁਆ ਦਿੱਤੀ। ,
ਫ਼ੌਜ ਦੇ ਬੁਲਾਰੇ ਵਲੋਂ ਮਿਲੀ ਜਾਣਕਾਰੀ ਅਨੁਸਾਰ ਨਾਇਬ ਸੂਬੇਦਾਰ ਕੁਲਦੀਪ ਸਿੰਘ ਤਰਨਤਾਰਨ ਦਾ ਵਸਨੀਕ ਹੈ ਅਤੇ ਲਾਂਸ ਨਾਇਕ ਤੇਲੁ ਰਾਮ ਹੁਸ਼ਿਆਰਪੁਰ ਦੇ ਰਹਿਣ ਵਾਲੇ ਸਨ।