
ਰਾਹੁਲ ਗਾਂਧੀ ਨੇ ਕਰੋਲ ਬਾਗ਼ ਦੇ ਕਈ ਮਕੈਨਿਕਾਂ ਨਾਲ ਕੀਤੀ ਮੁਲਾਕਾਤ
ਕਿਹਾ, ਭਾਰਤ ਦੇ ਆਟੋਮੋਬਾਈਲ ਉਦਯੋਗ ਨੂੰ ਮਜ਼ਬੂਤ ਕਰਨ ਲਈ ਮਕੈਨਿਕਾਂ ਨੂੰ ਮਜ਼ਬੂਤ ਬਣਾਉਣ ਦੀ ਜ਼ਰੂਰਤ
ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਦਿੱਲੀ ਦੇ ਕਰੋਲ ਬਾਗ਼ ’ਚ ਕਈ ਮੋਟਰਸਾਈਕਲ ਮਕੈਨਿਕਾਂ ਨਾਲ ਪਿੱਛੇ ਜਿਹੇ ਹੋਈ ਅਪਣੀ ਗੱਲਬਾਤ ਦਾ ਇਕ ਵੀਡੀਓ ਸਾਂਝਾ ਕੀਤਾ ਹੈ। ਵੀਡੀਓ ਸਾਂਝਾ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਦੇ ਆਟੋਮੋਬਾਈਲ ਉਦਯੋਗ ਨੂੰ ਮਜ਼ਬੂਤ ਕਰਨ ਲਈ ਮਕੈਨਿਕਾਂ ਨੂੰ ਮਜ਼ਬੂਤ ਬਣਾਉਣ ਦੀ ਜ਼ਰੂਰਤ ਹੈ।
ਇਸ ਨੂੰ ‘ਭਾਰਤ ਜੋੜਾ ਯਾਤਰਾ’ ਦਾ ‘ਅਗਲਾ ਪੜਾਅ’ ਦਸਦਿਆਂ ਰਾਹੁਲ ਨੈ 27 ਜੂਨ ਨੂੰ ਕਰੋੜ ਬਾਗ਼ ’ਚ ਮਕੈਨਿਕਾਂ ਨਾਲ ਅਪਣੀ ਗੱਲਬਾਤ ਬਾਬਤ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ, ਜਿਸ ’ਚ ਉਹ ਇਕ ਬਾਇਕ ਦੀ ਸਰਵਿਸ ਦੀਆਂ ਬਾਰੀਕੀਆਂ ਸਮਝਾਉਂਦੇ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਦਿਸ ਰਹੇ ਹਨ।
ਵੀਡੀਓ ’ਚ ਗਾਂਧੀ ਨੂੰ ਇਹ ਕਹਿੰਦਿਆਂ ਸੁਣਿਆ ਜਾ ਸਕਦਾ ਹੈ, ‘‘ਮੇਰੇ ਕੋਲ ਵੀ ਕੇ.ਟੀ.ਐਮ. 390 ਬਾਈਕ ਹੈ, ਪਰ ਉਹ ਖੜ੍ਹੀ ਰਹਿੰਦੀ ਹੈ, ਕਿਉਂਕਿ ਮੇਰੇ ਸਿਕਿਉਰਟੀ ਵਾਲੇ ਉਸ ਨੂੰ ਚਲਾਉਣ ਨਹੀਂ ਦਿੰਦੇ।’’ ਉਨ੍ਹਾਂ ਕਿਹਾ ਕਿ ਉਹ ਮੋਟਰਸਾਈਕਲ ਚਲਾ ਕੇ ਜੰਮੂ-ਕਸ਼ਮੀਰ ਜਾਣਾ ਚਾਹੁੰਦੇ ਹਨ ਪਰ ਸਿਕਿਉਰਟੀ ਪਾਬੰਦੀਆਂ ਕਾਰਨ ਜਾ ਨਹੀਂ ਸਕਦੇ।
ਗਾਂਧੀ ਨੇ ਮਕੈਨਿਕਾਂ ਦੇ ਸਵਾਲਾਂ ਦਾ ਵੀ ਜਵਾਬ ਦਿਤਾ। ਇਨ੍ਹਾਂ ’ਚੋਂ ਇਕ ਨੇ ਪੁਛਿਆ ਕਿ ਉਹ ਵਿਆਹ ਕਦੋਂ ਕਰਵਾ ਰਹੇ ਹਨ, ਜਿਸ ’ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਜਵਾਬ ਦਿਤਾ, ‘‘ਚਲੇ ਵੇਖਦੇ ਹਾਂ।’’
ਬਾਈਕ ਮਾਰਕੀਟ ’ਚ ਰਾਹੁਲ ਨੇ ਦੋ ਸਿੱਖ ਮਕੈਨਿਕਾਂ ਸਮੇਤ ਉਮੇਦ ਸ਼ਾਹ, ਵਿੱਕੀ ਸੇਨ ਅਤੇ ਮਨੋਜ ਪਾਸਵਾਨ ਨਾਲ ਗੱਲਬਾਤ ਕੀਤੀ। ਰਾਹੁਲ ਗਾਂਧੀ ਨੇ ਇਕ ਮੋਟਰਸਾਈਕਲ ਦੀ ਮੁਰੰਮਤ ’ਚ ਵੀ ਹੱਥ ਵਟਾਇਆ ਅਤੇ ਮਕੈਨਿਕਾਂ ਨੂੰ ਵੈਲਡਿੰਗ ਵਰਗੇ ਕੰਮ ਕਰਦੇ ਸਮੇਂ ਸੁਰਖਿਅਤ ਰਹਿਣ ਲਈ ਮਾਸਕ ਲਾਉਣ ਦੀ ਸਲਾਹ ਦਿਤੀ।
ਕਾਂਗਰਸ ਵਲੋਂ ਜਾਰੀ ਇਕ ਬਿਆਨ ਅਨੁਸਾਰ ‘ਭਾਰਤ ਜੋੜੋ ਯਾਤਰਾ’ ਭਾਰਤੀਆਂ ਦੇ ਸਾਰੇ ਵਰਗਾਂ ਦੀਆਂ ਆਵਾਜ਼ਾਂ ਸੁਣ ਕੇ ਸਿੱਖਣ ਬਾਰੇ ਹੈ, ਖ਼ਾਸ ਕਰ ਕੇ ਉਨ੍ਹਾਂ ਲੋਕਾਂ ਦੀ ਜੋ ਅਪਣੀ ਜਿੱਤ ਅਤੇ ਪ੍ਰੇਸ਼ਾਨੀਆਂ ਦੀਆਂ ਕਹਾਣੀਆਂ ਸੁਣਾਉਣ ’ਚ ਸਮਰੱਥ ਨਹੀਂ।