
ਮਿਹਿਰ ਸ਼ਾਹ ਦੇ ਪਿਤਾ ਰਾਜੇਸ਼ ਸ਼ਾਹ ਨੇ ਆਪਣੇ ਬੇਟੇ ਨੂੰ ਭਜਾਉਣ ਵਿਚ ਸਰਗਰਮ ਭੂਮਿਕਾ ਨਿਭਾਈ : ਪੁਲਿਸ
BMW Hit-And-Run Case : ਮੁੰਬਈ ਪੁਲਿਸ ਨੇ ਮੰਗਲਵਾਰ ਨੂੰ 24 ਸਾਲ ਦੇ ਮਿਹਿਰ ਸ਼ਾਹ ਨੂੰ ਅਪਣੀ ਬੀ.ਐਮ.ਡਬਲਯੂ. ਕਾਰ ਨਾਲ ਇਕ ਸਕੂਟਰ ਨੂੰ ਕਥਿਤ ਟੱਕਰ ਮਾਰਨ ਦੇ ਇਲਜ਼ਾਤ ਹੇਠ ਗ੍ਰਿਫਤਾਰ ਕੀਤਾ ਹੈ।
ਸ਼ਿਵ ਸੈਨਾ ਆਗੂ ਰਾਜੇਸ਼ ਸ਼ਾਹ ਦਾ ਬੇਟਾ ਮਿਹਿਰ ਬੀ.ਐਮ.ਡਬਲਯੂ. ਕਾਰ ਚਲਾ ਰਿਹਾ ਸੀ ਜਿਸ ਨੇ ਇਕ ਸਕੂਟਰ ਨੂੰ ਟੱਕਰ ਮਾਰ ਦਿਤੀ। ਇਸ ਘਟਨਾ ’ਚ ਸਕੂਟਰ ਸਵਾਰ ਇਕ ਔਰਤ ਦੀ ਮੌਤ ਹੋ ਗਈ ਅਤੇ ਉਸ ਦਾ ਪਤੀ ਜ਼ਖਮੀ ਹੋ ਗਿਆ।
ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਮਿਹਿਰ ਨੂੰ ਮੁੰਬਈ ਨੇੜੇ ਤੋਂ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮਿਹਿਰ ਦੇ ਪਿਤਾ ਰਾਜੇਸ਼ ਸ਼ਾਹ ਨੇ ਉਨ੍ਹਾਂ ਦੇ ਬੇਟੇ ਨੂੰ ਭਜਾਉਣ ਵਿਚ ਸਰਗਰਮ ਭੂਮਿਕਾ ਨਿਭਾਈ ਅਤੇ ਅਪਰਾਧ ਵਿਚ ਸ਼ਾਮਲ ਗੱਡੀ ਨੂੰ ਹਟਾਉਣ ਦੀ ਸਾਜ਼ਸ਼ ਵੀ ਰਚੀ।
ਪੁਲਿਸ ਅਧਿਕਾਰੀ ਨੇ ਦਸਿਆ ਕਿ ਬੀ.ਐਮ.ਡਬਲਯੂ. ਚਲਾ ਰਹੇ ਮਿਹਿਰ ਨੇ ਕਾਵੇਰੀ ਨਾਖਵਾ (45) ਨੂੰ ਟੱਕਰ ਮਾਰ ਦਿਤੀ ਅਤੇ ਉਸ ਦੇ ਪਤੀ ਪ੍ਰਦੀਪ ਨੂੰ ਜ਼ਖਮੀ ਕਰ ਦਿਤਾ। ਇਹ ਘਟਨਾ ਐਤਵਾਰ ਸਵੇਰੇ ਉਸ ਸਮੇਂ ਵਾਪਰੀ ਜਦੋਂ ਜੋੜਾ ਮੁੰਬਈ ਦੇ ਵਰਲੀ ਇਲਾਕੇ ’ਚ ਅਪਣੇ ਸਕੂਟਰ ’ਤੇ ਯਾਤਰਾ ਕਰ ਰਿਹਾ ਸੀ।
ਪੁਲਿਸ ਨੇ ਮਿਹਿਰ ਨੂੰ ਫੜਨ ਲਈ 11 ਟੀਮਾਂ ਬਣਾਈਆਂ ਅਤੇ ਜਾਂਚ ’ਚ ਕ੍ਰਾਈਮ ਬ੍ਰਾਂਚ ਨੂੰ ਵੀ ਸ਼ਾਮਲ ਕੀਤਾ। ਉਸ ਦੇ ਵਿਰੁਧ ਲੁੱਕਆਊਟ ਸਰਕੂਲਰ (ਐਲ.ਓ.ਸੀ.) ਵੀ ਜਾਰੀ ਕੀਤਾ ਗਿਆ ਸੀ।