
Delhi News : ਸ. ਜਸਪ੍ਰੀਤ ਸਿੰਘ ਕਰਮਸਰ ਨੇ ਦੱਸਿਆ ਕਿ ਇਸੇ ਲੜੀ ਵਿੱਚ ਮੱਧ ਪ੍ਰਦੇਸ਼ ਦੇ ਇੰਦੌਰ ਵਿਖੇ ਇੱਕ ਵਿਸ਼ੇਸ਼ ਪ੍ਰੋਗ੍ਰਾਮ ਕਰਵਾਇਆ ਗਿਆ
Delhi News in Punjabi : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਧਰਮ ਪ੍ਰਚਾਰ ਅਧੀਨ ਗੁਰੂ ਤੇਗ ਬਹਾਦੁਰ ਜੀ ਦੇ 350ਵੇਂ ਸ਼ਹੀਦੀ ਦਿਵਸ ਦੇ ਸਿਲਸਿਲੇ ਵਿੱਚ ਨਾਂ ਸਿਰਫ਼ ਦਿੱਲੀ ਵਿੱਚ, ਸਗੋਂ ਦਿੱਲੀ ਦੇ ਬਾਹਰ ਵੀ ਕਈ ਤਰ੍ਹਾਂ ਦੇ ਪ੍ਰੋਗਰਾਮ ਕੀਤੇ ਜਾ ਰਹੇ ਹਨ, ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ, ਖ਼ਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਸਿੱਖੀ ਨਾਲ ਜੋੜਿਆ ਜਾ ਸਕੇ।
ਸ. ਜਸਪ੍ਰੀਤ ਸਿੰਘ ਕਰਮਸਰ ਨੇ ਦੱਸਿਆ ਕਿ ਇਸੇ ਲੜੀ ਵਿੱਚ ਮੱਧ ਪ੍ਰਦੇਸ਼ ਦੇ ਇੰਦੌਰ ਵਿਖੇ ਇੱਕ ਵਿਸ਼ੇਸ਼ ਪ੍ਰੋਗ੍ਰਾਮ ਕਰਵਾਇਆ ਗਿਆ, ਜਿਸ ਵਿੱਚ ਬੱਚਿਆਂ ਵੱਲੋਂ ਵਾਹਿਗੁਰੂ ਸਿਮਰਨ ਕਰਦੇ ਹੋਏ ਇੱਕ ਵਿਸ਼ਵ ਰਿਕਾਰਡ ਕਾਇਮ ਕੀਤਾ ਗਿਆ, ਜਿਸ ਵਿੱਚ 80 ਲੱਖ ਤੋਂ ਵੱਧ ਵਾਰ “ਵਾਹਿਗੁਰੂ” ਲਿਖਿਆ ਗਿਆ। ਉਨ੍ਹਾਂ ਕਿਹਾ ਕਿ ਇਹ ਪ੍ਰੋਗ੍ਰਾਮ ਉਨ੍ਹਾਂ ਨੂੰ ਬਹੁਤ ਚੰਗਾ ਲੱਗਿਆ ਅਤੇ ਅਜਿਹੇ ਬੱਚਿਆਂ ਦੇ ਪ੍ਰੋਗ੍ਰਾਮ ਦਿੱਲੀ ਵਿੱਚ ਵੀ ਕਰਵਾਏ ਜਾਣਗੇ।
ਸ. ਕਰਮਸਰ ਨੇ ਦੱਸਿਆ ਕਿ ਇੰਦੌਰ ਦੀ ਸੰਸਥਾ ਦੇ ਨਿਯੋਤੇ 'ਤੇ ਮੁੱਖ ਮਹਿਮਾਨ ਵਜੋਂ ਉਥੇ ਪਹੁੰਚ ਕੇ ਬੱਚਿਆਂ ਦੀ ਹੋਸਲਾ ਅਫ਼ਜ਼ਾਈ ਕੀਤੀ ਗਈ ਅਤੇ ਉਨ੍ਹਾਂ ਨੂੰ ਇਨਾਮ ਵੀ ਦਿੱਤੇ ਗਏ। ਦਿੱਲੀ ਕਮੇਟੀ ਦੇ ਮੈਂਬਰ ਗੁਰਮੀਤ ਸਿੰਘ ਭਾਟੀਆ ਵੀ ਉਥੇ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਇੰਦੌਰ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਪਰਿਵਾਰ ਵਸਦੇ ਹਨ ਅਤੇ ਉਹ ਅਜੇ ਵੀ ਸਿੱਖੀ ਦੀ ਰੀਤ-ਰਿਵਾਜ ਨਾਲ ਜੁੜੇ ਹੋਏ ਹਨ। ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਕਈ ਧਰਮ ਪ੍ਰਚਾਰ ਪ੍ਰੋਗ੍ਰਾਮ ਇੰਦੌਰ ਵਿੱਚ ਕਰਵਾਏ ਜਾਣਗੇ।
ਸ. ਕਰਮਸਰ ਨੇ ਦੱਸਿਆ ਕਿ 25 ਅਤੇ 26 ਜੁਲਾਈ ਨੂੰ ਲਖੀਸ਼ਾਹ ਵੰਜਾਰਾ ਹਾਲ ਵਿੱਚ ਦਿੱਲੀ ਦੀਆਂ ਸਮੂਹ ਸਤਸੰਗ ਸਭਾਵਾਂ ਵਲੋਂ ਕੀਰਤਨ ਸਮਾਗਮ ਕਰਵਾਏ ਜਾਣਗੇ, ਜਿੱਥੇ ਹਰ ਵਾਰਡ ਤੋਂ ਜੱਥੇ ਵਜੋਂ ਬੀਬੀਆਂ ਹਿੱਸਾ ਲੈਣਗੀਆਂ ਅਤੇ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਦਾ ਗਾਇਨ ਕਰਨਗੀਆਂ। ਉਨ੍ਹਾਂ ਦੱਸਿਆ ਕਿ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਮਹਾਸਚਿਵ ਜਗਦੀਪ ਸਿੰਘ ਕਾਹਲੋਂ ਅਤੇ ਹੋਰ ਸਾਰੇ ਕਮੇਟੀ ਮੈਂਬਰਾਂ ਦੇ ਸਹਿਯੋਗ ਨਾਲ ਧਰਮ ਪ੍ਰਚਾਰ ਕਮੇਟੀ ਵਲੋਂ ਆਉਣ ਵਾਲੇ ਦਿਨਾਂ ਵਿੱਚ ਗੁਰੂ ਤੇਗ ਬਹਾਦੁਰ ਜੀ ਦੀ ਸ਼ਹੀਦੀ ਨੂੰ ਕੇਂਦਰ ਵਿਚ ਰੱਖਦਿਆਂ ਸੈਮੀਨਾਰ, ਸਰਵ ਧਰਮ ਸੰਮੇਲਨ, ਕੀਰਤਨ ਦਰਬਾਰ, ਕਵੀ ਦਰਬਾਰ ਆਦਿ ਸਮਾਗਮ ਕਰਵਾਏ ਜਾਣਗੇ।
ਇਨ੍ਹਾਂ ਸਮਾਗਮਾਂ ਵਿੱਚ ਗੈਰ-ਸਿੱਖ ਭਾਈਚਾਰੇ ਨੂੰ ਵੀ ਸ਼ਾਮਲ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ, ਤਾਂ ਜੋ ਗੁਰੂ ਤੇਗ ਬਹਾਦੁਰ ਜੀ ਦੀ ਸ਼ਹੀਦੀ ਦਾ ਇਤਿਹਾਸ ਹਰ ਘਰ ਤੱਕ ਪਹੁੰਚ ਸਕੇ।
(For more news apart from Special programs will be organized to connect the younger generation with Sikhism: Jaspreet Singh Karamsar News in Punjabi, stay tuned to Rozana Spokesman)