
ਉੱਤਰ ਪ੍ਰਦੇਸ਼ ਦੇ ਅਮਰੋਹਾ ਦੇ ਆਦਮਪੁਰ ਥਾਣਾ ਪੁਲਿਸ ਦਾ ਇਕ ਕਾਰਨਾਮਾ ਸਾਹਮਣੇ ਆਇਆ ਹੈ।
ਅਮਰੋਹਾ, 8 ਅਗੱਸਤ : ਉੱਤਰ ਪ੍ਰਦੇਸ਼ ਦੇ ਅਮਰੋਹਾ ਦੇ ਆਦਮਪੁਰ ਥਾਣਾ ਪੁਲਿਸ ਦਾ ਇਕ ਕਾਰਨਾਮਾ ਸਾਹਮਣੇ ਆਇਆ ਹੈ। ਪੁਲਿਸ ਨੇ ਜਿਸ ਲੜਕੀ ਦੇ ਕਤਲ ਦੇ ਦੋਸ਼ ਵਿਚ ਉਸ ਦੇ ਪਿਤਾ ਅਤੇ ਭਰਾ ਸਮੇਤ 3 ਲੋਕਾਂ ਨੂੰ ਜੇਲ ਵਿਚ ਸੁੱਟ ਦਿਤਾ ਹੈ ਅਤੇ ਉਸ (ਕੁੜੀ) ਦੇ ਕੱਪੜੇ ਅਤੇ ਅਸਲਾ ਬਰਾਮਦ ਵੀ ਵਿਖਾ ਦਿਤਾ। ਤਕਰੀਬਨ ਡੇਢ ਸਾਲ ਬਾਅਦ ਉਸੇ ਲੜਕੀ ਨੂੰ ਪੀੜਤ ਪਰਵਾਰ ਨੇ ਜਿਉਂਦਾ ਲੱਭ ਲਿਆ ਹੈ।
ਜਦੋਂ ਆਦਮਪੁਰ ਦੇ ਥਾਣਾ ਸਦਰ ਦੇ ਕਾਰਨਾਮੇ ਦਾ ਪਰਦਾਫ਼ਾਸ਼ ਹੋਇਆ ਤਾਂ ਜ਼ਿਲ੍ਹੇ ਪੁਲਿਸ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਹੋਸ਼ ਉਡ ਗਏ। ਪੀੜਤ ਪਰਵਾਰ ਹੁਣ ਇਸ ਕੇਸ ਵਿਚ ਇਨਸਾਫ਼ ਦੀ ਗੁਹਾਰ ਲਗਾ ਰਿਹਾ ਹੈ। ਅਸਲ ਵਿਚ ਲੜਕੀ ਨੇ ਘਰੋਂ ਭੱਜ ਕੇ ਪ੍ਰੇਮ ਵਿਆਹ ਕਰਵਾ ਲਿਆ ਸੀ ਤੇ ਆਰਾਮ ਨਾਲ ਅਪਣੇ ਪ੍ਰੇਮੀ ਨਾਲ ਰਹਿ ਰਹੀ ਸੀ। ਅਮਰੋਹਾ ਜ਼ਿਲ੍ਹੇ ਦੇ ਆਦਮਪੁਰ ਥਾਣੇ ਦੇ ਪਿੰਡ ਮਲਕਪੁਰ ਦੇ ਪੀੜਤ ਪੱਖ ਦੇ ਰਾਹੁਲ ਨੇ ਦਸਿਆ ਕਿ ਪਿਛਲੇ ਸਾਲ 6 ਫ਼ਰਵਰੀ 2019 ਨੂੰ ਉਸ ਦੀ ਭੈਣ ਕਮਲੇਸ਼ ਅਚਾਨਕ ਘਰੋਂ ਗ਼ਾਇਬ ਹੋ ਗਈ ਸੀ।
ਕੇਸ ਵਿਚ ਆਦਮਪੁਰ ਪੁਲਿਸ ਨੇ ਪਿਤਾ ਸੁਰੇਸ਼ ਅਤੇ ਉਸ ਦੇ ਭਰਾ ਰੂਪ ਕਿਸ਼ੋਰ ਸਮੇਤ ਨੇੜਲੇ ਪਿੰਡ ਵਿਚ ਰਹਿਣ ਵਾਲੇ ਦੇਵੇਂਦਰ ਸਮੇਤ 3 ਵਿਅਕਤੀਆਂ ਨੂੰ ਹਤਿਆ ਲਈ 18 ਫ਼ਰਵਰੀ, 2019 ਨੂੰ ਜੇਲ ਭੇਜ ਦਿਤਾ ਸੀ। ਪੁਲਿਸ ਸੁਪਰਡੈਂਟ ਨੇ ਇਸ ਮਾਮਲੇ ਦਾ ਖ਼ੁਲਾਸਾ ਕਰਦੇ ਹੋਏ ਉਨ੍ਹਾਂ ਦੀ ਨਿਸ਼ਾਨਦੇਹੀ ਉਤੇ ਲੜਕੀ ਦੇ ਕੱਪੜੇ, ਇਕ ਬੰਦੂਕ ਅਤੇ ਕਾਰਤੂਸ ਵੀ ਜ਼ਬਤ ਕੀਤੇ।
ਰਾਹੁਲ ਨੇ ਆਦਮਪੁਰ ਪੁਲਿਸ ’ਤੇ ਗੰਭੀਰ ਦੋਸ਼ ਲਗਾਏ ਅਤੇ ਕਿਹਾ ਕਿ ਤਿੰਨ ਲੋਕਾਂ ਨੂੰ ਕੁੱਟਮਾਰ ਕੇ ਜ਼ਬਰਦਸਤੀ ਅਪਰਾਧ ਕਬੂਲ ਕਰਵਾਇਆ ਗਿਆ। ਉਹ ਲੋਕ ਉਦੋਂ ਤੋਂ ਹੀ ਜੇਲ ਵਿਚ ਹਨ। ਹੈਰਾਨੀ ਦੀ ਗੱਲ ਹੈ ਕਿ ਕਮਲੇਸ਼ ਦੀ ਹਤਿਆ ਦਾ ਦੋਸ਼ ਉਸ ’ਤੇ ਲਗਾਇਆ ਗਿਆ ਸੀ, ਉਹ ਅਜੇ ਵੀ ਜ਼ਿੰਦਾ ਹੈ। ਰਾਹੁਲ ਨੇ ਦਸਿਆ ਕਿ ਅੱਜ ਅਸੀਂ ਉਸੇ ਲੜਕੀ ਨੂੰ ਥਾਣਾ ਖੇਤਰ ਦੇ ਪਿੰਡ ਪਵਾਰਾ ਦੇ ਰਾਕੇਸ਼ ਦੇ ਘਰੋਂ ਬਰਾਮਦ ਕਰ ਲਿਆ ਹੈ। (ਪੀਟੀਆਈ)