
ਪ੍ਰਧਾਨ ਮੰਤਰੀ ਅੰਦਰ ਤਾਂ ਚੀਨ ਦਾ ਨਾਮ ਲੈਣ ਦੀ ਵੀ ਹਿੰਮਤ ਨਹੀਂ
ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਪ੍ਰਧਾਨ ਨੇ ਹਰ ਸਾਲ 2 ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਪਰ ਨੌਕਰੀਆਂ ਤਾਂ ਕੀ ਦੇਣੀਆਂ ਸਨ, ਉਨ੍ਹਾਂ ਨੇ 14 ਕਰੋੜ ਲੋਕਾਂ ਨੂੰ ਬੇਰੁਜ਼ਗਾਰ ਬਣਾ ਕੇ ਰੱਖ ਦਿਤਾ। ਰਾਹੁਲ ਨੇ ਟਵਿਟਰ 'ਤੇ ਵੱਖ ਵੱਖ ਮੁੱਦਿਆਂ 'ਤੇ ਸਰਕਾਰ ਨੂੰ ਘੇਰਿਆ।
Rahul Gandhi
ਉਨ੍ਹਾਂ ਲਿਖਿਆ, 'ਦੇਸ਼ ਦੇ ਨੌਜਵਾਨਾਂ ਦੇ ਮਨ ਦੀ ਗੱਲ। ਰੁਜ਼ਗਾਰ ਦਿਉ, ਮੋਦੀ ਸਰਕਾਰ। ਤੁਸੀਂ ਵੀ ਅਪਣੀ ਆਵਾਜ਼ ਯੁਵਾ ਕਾਂਗਰਸ ਦੀ 'ਰੁਜ਼ਗਾਰ ਦਿਉ' ਮੁਹਿੰਮ ਨਾਲ ਜੁੜ ਕੇ, ਸਰਕਾਰ ਨੂੰ ਨੀਂਦ ਤੋਂ ਜਗਾਉ। ਦੇਸ਼ ਦੇ ਭਵਿੱਖ ਦਾ ਸਵਾਲ ਹੈ।'
Rahul Gandhi And Narendra Modi
ਉਨ੍ਹਾਂ ਕਿਹਾ, 'ਜਦ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਸਨ ਤਾਂ ਉਨ੍ਹਾਂ ਦੇ ਦੇਸ਼ ਦੇ ਨੌਜਵਾਨਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਹਰ ਸਾਲ ਦੋ ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਦੇਣਗੇ। ਬਹੁਤ ਵੱਡਾ ਸੁਪਨਾ ਵਿਖਾ ਦਿਤਾ ਅਤੇ ਸਚਾਈ ਕੀ ਨਿਕਲੀ। ਨਰਿੰਦਰ ਮੋਦੀ ਜੀ ਦੀਆਂ ਨੀਤੀਆਂ ਨੇ 14 ਕਰੋੜ ਲੋਕਾਂ ਨੂੰ ਬੇਰੁਜ਼ਗਾਰ ਬਣਾ ਦਿਤਾ ਹੈ। ਨੋਟਬੰਦੀ, ਗ਼ਲਤ ਜੀਐਸਟੀ ਅਤੇ ਫਿਰ ਤਾਲਾਬੰਦੀ। ਇਨ੍ਹਾਂ ਤਿੰਨਾਂ ਚੀਜ਼ਾਂ ਨੇ ਭਾਰਤ ਦੇ ਆਰਥਕ ਢਾਂਚੇ ਨੂੰ ਖ਼ਤਮ ਕਰ ਦਿਤਾ।'
Rahul Gandhi
ਰਾਹੁਲ ਨੇ ਪੁਛਿਆ ਕਿ ਇਹ ਕਿਉਂ ਹੋਇਆ? ਗ਼ਲਤ ਨੀਤੀਆਂ ਕਾਰਨ ਹੋਇਆ। ਹੁਣ ਸਚਾਈ ਇਹ ਹੈ ਕਿ ਹਿੰਦੁਸਤਾਨ ਹੁਣ ਅਪਣੇ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਦੇ ਸਕਦਾ। ਇਸ ਲਈ ਯੂਥ ਕਾਂਗਰਸ ਜ਼ਮੀਨ 'ਤੇ ਉਤਰ ਰਹੀ ਹੈ। ਉਨ੍ਹਾਂ ਲਿਖਿਆ, 'ਜਦ ਦੇਸ਼ ਭਾਵੁਕ ਹੋਇਆ ਤਾਂ ਰਖਿਆ ਮੰਤਰਾਲੇ ਦਾ ਅਹਿਮ ਦਸਤਾਵੇਜ਼ ਗ਼ਾਇਬ ਹੋ ਗਿਆ। ਮਾਲਿਆ ਹੋਵੇ ਜਾਂ ਨੀਰਵ ਮੋਦੀ ਜਾਂ ਚੋਕਸੀ। ਗੁਮਸ਼ੁਦਾ ਲਿਸਟ ਵਿਚ ਤਾਜ਼ਾ ਹਨ ਚੀਨੀ ਕਬਜ਼ੇ ਦੇ ਦਸਤਾਵੇਜ਼। ਇਹ ਇਤਫ਼ਾਕ ਨਹੀਂ। ਮੋਦੀ ਸਰਕਾਰ ਦਾ ਜਮਹੂਰੀਅਤ ਵਿਰੋਧੀ ਤਜਰਬਾ ਹੈ।'
Rahul Gandhi
ਦੋ ਦਿਨਾਂ ਮਗਰੋਂ ਹੀ ਰਖਿਆ ਮੰਤਰਾਲੇ ਦੀ ਵੈਬਸਾਈਟ ਤੋਂ ਚੀਨੀ 'ਕਬਜ਼ੇ' ਨਾਲ ਜੁੜੇ ਦਸਤਾਵੇਜ਼ ਹਟਾਏ ਜਾਣ 'ਤੇ ਰਾਹੁਲ ਨੇ ਲਿਖਿਆ, 'ਚੀਨ ਵਿਰੁਧ ਖੜੇ ਹੋਣ ਦੀ ਗੱਲ ਤਾਂ ਭੁੱਲ ਹੀ ਜਾਉ, ਭਾਰਤ ਦੇ ਪ੍ਰਧਾਨ ਮੰਤਰੀ ਵਿਚ ਉਸ ਦਾ ਨਾਮ ਲੈਣ ਦੀ ਵੀ ਹਿੰਮਤ ਨਹੀਂ ਹੈ। ਚੀਨ ਦੇ ਸਾਡੇ ਇਲਾਕੇ ਵਿਚ ਮੌਜੂਦਗੀ ਨੂੰ ਨਕਾਰਨ ਅਤੇ ਵੈਬਸਾਈਟ ਤੋਂ ਦਸਤਾਵੇਜ਼ ਹਟਾ ਲੈਣ ਨਾਲ ਤੱਥ ਨਹੀਂ ਬਦਲ ਜਾਣਗੇ।'
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।