ਕਿਹਾ, ਬੇਭਰੋਸਗੀ ਮਤਾ ਸਿਰਫ਼ ਅਤੇ ਸਿਰਫ਼ ਲੋਕਾਂ ਦੇ ਦਿਲਾਂ ’ਚ ਵਹਿਮ ਪੈਦਾ ਕਰਨ ਲਈ ਲਿਆਂਦਾ ਗਿਆ
ਨਵੀਂ ਦਿੱਲੀ,: ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭ੍ਰਿਸ਼ਟਾਚਾਰ, ਪ੍ਰਵਾਰਵਾਦ ਅਤੇ ਤੁਸ਼ਟੀਕਰਨ ਨੂੰ ਲੈ ਕੇ ਕਾਂਗਰਸ ਸਮੇਤ ਵਿਰੋਧੀ ਧਿਰ ’ਤੇ ਤਿੱਖਾ ਵਾਰ ਕਰਦਿਆਂ ਬੁਧਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਦੇਸ਼ ਦੇ ਕਰੋੜਾਂ ਗ਼ਰੀਬਾਂ ਦੇ ਜੀਵਨ ’ਚ ਨਵੀਂ ਉਮੀਦ ਦਾ ਸੰਚਾਰ ਕੀਤਾ ਹੈ, ਜਨਤਾ ਨੂੰ ਉਨ੍ਹਾਂ ’ਤੇ ਪੂਰਾ ਭਰੋਸਾ ਹੈ ਅਤੇ ਵਿਰੋਧੀ ਧਿਰ ਦਾ ਬੇਭਰੋਸਗੀ ਮਤਾ ਸਿਰਫ਼ ਅਤੇ ਸਿਰਫ਼ ਵਹਿਮ ਪੈਦਾ ਕਰਨ ਲਈ ਲਿਆਂਦਾ ਗਿਆ ਹੈ।
ਵਿਰੋਧੀ ਗਠਜੋੜ ਦੇ ਚਰਿੱਤਰ ’ਤੇ ਸਵਾਲ ਚੁਕਦਿਆਂ ਸ਼ਾਹ ਨੇ ਕਿਹਾ ਕਿ ਉਨ੍ਹਾਂ ਦਾ ਅਸਲੀ ਚਿਹਰਾ ਉਦੋਂ ਸਾਹਮਣੇ ਆਇਆ ਜਦੋਂ ਉਨ੍ਹਾਂ ਨੇ ਅਪਣੀ ਸਰਕਾਰ ਨੂੰ ਬਚਾਉਣ ਲਈ ਭ੍ਰਿਸ਼ਟਾਚਾਰ ਦਾ ਸਹਾਰਾ ਲਿਆ।
ਲੋਕ ਸਭਾ ’ਚ ਸਰਕਾਰ ਵਿਰੁਧ ਬੇਭਰੋਸਗੀ ਮਤੇ ’ਤੇ ਬਹਿਸ ’ਚ ਹਿੱਸਾ ਲੈਂਦੇ ਹੋਏ ਗ੍ਰਹਿ ਮੰਤਰੀ ਸ਼ਾਹ ਨੇ ਕਿਹਾ, ‘‘ਤਿੰਨ ਬੁਰਾਈਆਂ... ਭ੍ਰਿਸ਼ਟਾਚਾਰ, ਭਾਈ-ਭਤੀਜਾਵਾਦ ਅਤੇ ਤੁਸ਼ਟੀਕਰਨ ਨੇ ਭਾਰਤੀ ਲੋਕਤੰਤਰ ਨੂੰ ਘੇਰ ਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਕੰਮ ਅਤੇ ਪ੍ਰਦਰਸ਼ਨ ਦੀ ਸਿਆਸਤ ਨਾਲ ਇਨ੍ਹਾਂ ਨੂੰ ਖਤਮ ਕਰ ਦਿਤਾ। ਪਰ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਇਹ ਕਿਸੇ ਨਾ ਕਿਸੇ ਰੂਪ ਵਿਚ ਅਜੇ ਵੀ ਮੌਜੂਦ ਹੈ।’’ ਉਨ੍ਹਾਂ ਕਿਹਾ, ‘‘ਇਸੇ ਕਾਰਨ ਪ੍ਰਧਾਨ ਮੰਤਰੀ ਮੋਦੀ ਨੇ ਭ੍ਰਿਸ਼ਟਾਚਾਰ ‘ਭਾਰਤ ਛੱਡੋ’, ਭਾਈ-ਭਤੀਜਾਵਾਦ ‘ਭਾਰਤ ਛੱਡੋ’, ਤੁਸ਼ਟੀਕਰਨ ‘ਭਾਰਤ ਛੱਡੋ’ ਦਾ ਨਾਅਰਾ ਦਿਤਾ ਹੈ।’’
ਸਿੱਧੂ ਮੂਸੇਵਾਲਾ ਨੂੰ ਲੈ ਕੇ ਸਦਨ 'ਚ ਬੋਲਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਵਿਦੇਸ਼ ਭੱਜੇ ਮੁਲਜ਼ਮ ਸਚਿਨ ਬਿਸ਼ਨੋਈ ਨੂੰ ਅਸੀਂ ਭਾਰਤ ਫੜ੍ਹ ਕੇ ਲਿਆਂਦਾ।
ਵਿਰੋਧੀ ਗਠਜੋੜ ’ਤੇ ਨਿਸ਼ਾਨਾ ਲਾਉਂਦੇ ਹੋਏ ਸ਼ਾਹ ਨੇ ਕਿਹਾ, ‘‘ਵਿਰੋਧੀ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂ.ਪੀ.ਏ.) ਦਾ ਕਿਰਦਾਰ ਸੱਤਾ ਲਈ ਭ੍ਰਿਸ਼ਟਾਚਾਰ ਕਰਨਾ ਹੈ, ਜਦਕਿ ਰਾਸ਼ਟਰੀ ਲੋਕਤੰਤਰੀ ਗਠਜੋੜ (ਐਨ.ਡੀ.ਏ.) ਦਾ ਕਿਰਦਾਰ ਸਿਧਾਂਤਾਂ ਦੀ ਰਾਜਨੀਤੀ ਕਰਨਾ ਹੈ।’’ ਉਨ੍ਹਾਂ ਕਿਹਾ, ‘‘ਮੈਂ ਪੂਰਾ ਦੇਸ਼ ਘੁੰਮਿਆ ਹਾਂ, ਮੈਨੂੰ ਕਿਤੇ ਵੀ ਸਰਕਾਰ ਵਿਰੁਧ ਬੇਭਰੋਸਗੀ ਦੀ ਹਲਕੀ ਜਿਹੀ ਝਲਕ ਨਹੀਂ ਦਿਸੀ। ਇਸ ਸਦਨ ਦੇ ਜ਼ਰੀਏ ਮੈਂ ਪੂਰੇ ਦੇਸ਼ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਆਜ਼ਾਦੀ ਤੋਂ ਬਾਅਦ ਲੋਕਾਂ ਨੇ ਕਿਸੇ ਇਕ ਨੇਤਾ ’ਤੇ ਸਭ ਤੋਂ ਵੱਧ ਵਿਸ਼ਵਾਸ ਵਿਖਾਇਆ ਹੈ, ਉਹ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ।’’
ਗ੍ਰਹਿ ਮੰਤਰੀ ਨੇ ਕਿਹਾ ਕਿ ਘੱਟ ਗਿਣਤੀ ਦਾ ਸਵਾਲ ਹੀ ਨਹੀਂ ਹੈ, ਕਿਉਂਕਿ ਬੇਭਰੋਸਗੀ ਮਤੇ ਵਿਰੁਧ ਬੋਲਣ ਵਾਲੇ ਅਤੇ ਸਦਨ ’ਚ ਜੋ ਸਮਰਥਨ ਵੇਖਣ ਨੂੰ ਮਿਲਿਆ ਹੈ, ਉਹ ਦੱਸਦਾ ਹੈ ਕਿ ਘੱਟ ਗਿਣਤੀ ਦਾ ਸਵਾਲ ਹੀ ਨਹੀਂ ਹੈ। ਉਨ੍ਹਾਂ ਕਿਹਾ, ‘‘ਜਨਤਾ ’ਚ ਵੀ ਵਿਸ਼ਵਾਸ ਹੈ, ਕਿਉਂਕਿ ਜੇਕਰ ਕਿਸੇ ਪ੍ਰਧਾਨ ਮੰਤਰੀ ਅਤੇ ਸਰਕਾਰ ਨੇ ਦੇਸ਼ ਦੇ ਕਰੋੜਾਂ ਗਰੀਬ ਲੋਕਾਂ ਦੇ ਜੀਵਨ ’ਚ ਨਵੀਂ ਉਮੀਦ ਦਾ ਸੰਚਾਰ ਕੀਤਾ ਹੈ, ਤਾਂ ਉਹ ਨਰਿੰਦਰ ਮੋਦੀ ਸਰਕਾਰ ਨੇ ਕੀਤਾ ਹੈ।’’
ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਜੇਕਰ ਕੋਈ ਸਭ ਤੋਂ ਹਰਮਨ ਪਿਆਰਾ ਪ੍ਰਧਾਨ ਮੰਤਰੀ ਹੈ ਤਾਂ ਉਹ ਨਰਿੰਦਰ ਮੋਦੀ ਹੈ ਅਤੇ ਉਹ ਅਜਿਹਾ ਨਹੀਂ ਕਹਿੰਦੇ, ਦੁਨੀਆ ਭਰ ਦੇ ਕਈ ਸਰਵੇਖਣ ਇਹ ਕਹਿੰਦੇ ਹਨ। ਸ਼ਾਹ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੇ 9 ਸਾਲਾਂ 'ਚ 50 ਤੋਂ ਵੱਧ ਫੈਸਲੇ ਲਏ ਹਨ, ਜੋ ਯੁਗ-ਨਿਰਮਾਣ ਵਾਲੇ ਫੈਸਲੇ ਹਨ, ਜੋ ਇਤਿਹਾਸ 'ਚ ਸੁਨਹਿਰੀ ਅੱਖਰਾਂ 'ਚ ਲਿਖੇ ਜਾਣਗੇ।
ਉਨ੍ਹਾਂ ਕਿਹਾ, ‘‘ਵਿਰੋਧੀ ਸੰਸਦ ਮੈਂਬਰਾਂ ਦਾ ਪੂਰਾ ਭਾਸ਼ਣ ਸੁਣਨ ਤੋਂ ਬਾਅਦ, ਮੈਂ ਯਕੀਨਨ ਕਹਿ ਸਕਦਾ ਹਾਂ ਕਿ ਇਹ ਬੇਭਰੋਸਗੀ ਮਤਾ ਸਿਰਫ ਅਤੇ ਸਿਰਫ ਵਹਿਮ ਪੈਦਾ ਕਰਨ ਲਈ ਲਿਆਂਦਾ ਗਿਆ ਹੈ, ਇਹ ਲੋਕਾਂ ਦੀਆਂ ਇਛਾਵਾਂ ਦਾ ਪ੍ਰਤੀਬਿੰਬ ਨਹੀਂ ਹੈ।’’ ਸ਼ਾਹ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਜੇਕਰ ਕੋਈ ਪ੍ਰਧਾਨ ਮੰਤਰੀ ਹੈ ਜੋ 24 ਘੰਟਿਆਂ ’ਚੋਂ 17 ਘੰਟੇ ਬਿਨਾਂ ਛੁੱਟੀ ਲਏ ਕੰਮ ਕਰਦਾ ਹੈ ਤਾਂ ਉਹ ਨਰਿੰਦਰ ਮੋਦੀ ਹੈ। ਸਰਕਾਰ ਦੇ ਕੰਮਾਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਪਿਛਲੇ 9 ਸਾਲਾਂ ’ਚ ਦੇਸ਼ ਦੀ ਅਰਥਵਿਵਸਥਾ ਨੂੰ 11ਵੇਂ ਨੰਬਰ ਤੋਂ 5ਵੇਂ ਨੰਬਰ ’ਤੇ ਲਿਜਾਣ ਦਾ ਕੰਮ ਕੀਤਾ ਹੈ। ਗ੍ਰਹਿ ਮੰਤਰੀ ਨੇ ਕਿਹਾ, ‘‘ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੋਦੀ ਜੀ ਮੁੜ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ ਅਤੇ 2027 ਤਕ ਦੇਸ਼ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ।’’
ਪਿਛਲੀ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ’ਤੇ ਨਿਸ਼ਾਨਾ ਲਾਉਂਦਿਆਂ ਸ਼ਾਹ ਨੇ ਕਿਹਾ ਕਿ ਪਹਿਲਾਂ ਅਤਿਵਾਦੀ ਸਰਹੱਦ ਪਾਰ ਤੋਂ ਦਾਖਲ ਹੁੰਦੇ ਸਨ ਅਤੇ ਜਵਾਨਾਂ ਦੇ ਸਿਰ ਲੈ ਜਾਂਦੇ ਸਨ, ਕਿਸੇ ਨੇ ਜਵਾਬ ਨਹੀਂ ਦਿਤਾ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਦੋ ਵਾਰ ਦੁਰਵਿਵਹਾਰ ਕੀਤਾ, ਫਿਰ ਇਕ ਵਾਰ ਸਰਜੀਕਲ ਸਟ੍ਰਾਈਕ ਅਤੇ ਦੂਜੀ ਵਾਰ ਏਅਰ ਸਟ੍ਰਾਈਕ ਕਰ ਕੇ ਅਤੇ ਪਾਕਿਸਤਾਨ ਦੇ ਘਰ ’ਚ ਦਾਖਲ ਹੋ ਕੇ ਨਰਿੰਦਰ ਮੋਦੀ ਸਰਕਾਰ ਨੇ ਅਤਿਵਾਦੀਆਂ ਨੂੰ ਖਤਮ ਕਰਨ ਦਾ ਕੰਮ ਕੀਤਾ।