
ਕਬੱਡੀ ਦਾ ਮੈਚ ਦੇਖ ਕੇ ਵਾਪਸ ਘਰ ਪਰਤ ਰਿਹਾ ਸੀ ਬਲਵਾਨ ਸਿੰਘ
ਕਰਨਾਲ - ਭਾਰਤੀ ਕਿਸਾਨ ਯੂਨੀਅਨ ਹਰਿਆਣਾ ਉੱਤਰੀ ਜ਼ੋਨ ਦੇ ਪ੍ਰਧਾਨ ਬਲਵਾਨ ਸਿੰਘ ਦੀ ਹਰਿਆਣਾ ਦੇ ਕਰਨਾਲ ਵਿਚ ਇੱਕ ਸੜਕ ਹਾਦਸੇ ਵਿਚ ਮੌਤ ਹੋ ਗਈ। ਬਲਵਾਨ ਕਬੱਡੀ ਦਾ ਮੈਚ ਦੇਖ ਕੇ ਘਰ ਪਰਤ ਰਿਹਾ ਸੀ। ਇਸ ਦੌਰਾਨ ਇਕ ਕਾਰ ਨੇ ਉਸ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਇਸ ਘਟਨਾ ਕਾਰਨ ਪਰਿਵਾਰ ਅਤੇ ਭਾਰਤੀ ਕਿਸਾਨ ਯੂਨੀਅਨ ਵਿਚ ਸੋਗ ਦਾ ਮਾਹੌਲ ਹੈ। ਪੁਲਿਸ ਨੇ ਇਸ ਮਾਮਲੇ ਵਿਚ ਮੁਲਜ਼ਮ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪਿੰਡ ਸ਼ੇਖਪੁਰਾ ਸੁਹਾਣਾ ਦਾ ਰਹਿਣ ਵਾਲਾ ਬਲਵਾਨ ਸਿੰਘ (55) ਖੇਤੀ ਦਾ ਕੰਮ ਕਰਦਾ ਸੀ। ਉਹ ਭਾਰਤੀ ਕਿਸਾਨ ਯੂਨੀਅਨ ਵਿਚ ਉੱਤਰੀ
ਹਰਿਆਣਾ ਜ਼ੋਨ ਦੇ ਮੁਖੀ ਸਨ। ਬਲਵਾਨ ਸਿੰਘ ਨੇ ਕਿਸਾਨ ਲਹਿਰ ਦੌਰਾਨ ਅਹਿਮ ਭੂਮਿਕਾ ਨਿਭਾਈ ਸੀ। ਪਿੰਡ ਗਗਸੀਨਾ ਵਿਚ ਵੀਰਵਾਰ ਨੂੰ ਕਬੱਡੀ ਦਾ ਮੈਚ ਚੱਲ ਰਿਹਾ ਸੀ। ਕਿਸਾਨ ਨੇਤਾ ਬਲਵਾਨ ਸਿੰਘ ਅਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਗਗਸੀਨਾ ਪਿੰਡ ਵਿਚ ਕਬੱਡੀ ਦਾ ਮੈਚ ਦੇਖਣ ਗਿਆ ਹੋਇਆ ਸੀ। ਮੈਚ ਦੇਖਣ ਤੋਂ ਬਾਅਦ ਸ਼ਾਮ ਨੂੰ ਉਹ ਘਰ ਵਾਪਸ ਜਾਣ ਲੱਗਾ ਸੀ ਜਿਵੇਂ ਹੀ ਉਹ ਨਮਸਤੇ ਚੌਕ 'ਤੇ ਗੰਦੇ ਨਾਲੇ ਦੇ ਕੋਲ ਪਹੁੰਚਿਆ ਤਾਂ ਇਕ ਗੱਡੀ ਨੇ ਉਸ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਬਲਵਾਨ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪੁਲਿਸ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲਿਆ ਅਤੇ ਪੋਸਟਮਾਰਟਮ ਕਰਵਾੁਣ ਲਈ ਮੈਡੀਕਲ ਕਾਲਜ ਭੇਜ ਦਿੱਤਾ ਗਿਆ। ਘਟਨਾ ਬਾਰੇ ਥਾਣਾ ਇੰਚਾਰਜ ਕਮਲਦੀਪ ਸਿੰਘ ਨੇ ਦੱਸਿਆ ਕਿ ਨਮਸਤੇ ਚੌਕ 'ਤੇ ਗੰਦਾ ਨਾਲਾ ਪਾਰ ਕਰ ਕੇ ਇਕ ਗੱਡੀ ਨੇ ਬਲਵਾਨ ਸਿੰਘ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ ਜਿਸ ਦੌਰਾਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ।