
ਭਾਜਪਾ ਨੂੰ ਤਿੰਨ ਸੀਟਾਂ ਮਿਲੀਆਂ ਹਨ, ਜਦਕਿ ਵਿਰੋਧੀ ਪਾਰਟੀਆਂ ਨੂੰ ਚਾਰ ਸੀਟਾਂ ਮਿਲੀਆਂ
ਨਵੀਂ ਦਿੱਲੀ - ਵਿਧਾਨ ਸਭਾ ਜ਼ਿਮਨੀ ਚੋਣਾਂ ਵਿਚ ਵਿਰੋਧੀ ਗਠਜੋੜ 'ਇੰਡੀਆ' ਨੇ ਸੱਤ ਵਿਚੋਂ ਚਾਰ ਸੀਟਾਂ ਜਿੱਤਣ ਤੋਂ ਇਕ ਦਿਨ ਬਾਅਦ, ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਕਿਹਾ ਕਿ ਵਿਰੋਧੀ ਗਠਜੋੜ 'ਇੰਡੀਆ' ਬਹੁਤ ਤਾਕਤਵਰ ਗਠਜੋੜ ਹੈ ਇਸ ਲਈ ਭਾਰਤੀ ਜਨਤਾ ਪਾਰਟੀ ਬੌਖਲਾਈ ਹੋਈ ਹੈ।
ਦਿੱਲੀ ਦੇ ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਜ਼ਿਮਨੀ ਚੋਣਾਂ ਦੇ ਨਤੀਜਿਆਂ ਬਾਰੇ ਮੀਡੀਆ ਰਿਪੋਰਟ ਸਾਂਝੀ ਕੀਤੀ। ਉਨ੍ਹਾਂ ਲਿਖਿਆ ਕਿ “ਵਿਰੋਧੀ ਗਠਜੋੜ ‘ਇੰਡੀਆ' ਬਹੁਤ ਸ਼ਕਤੀਸ਼ਾਲੀ ਹੈ। ਇਹ ਭਾਜਪਾ ਦੀ ਬੌਖਲਾਹਟ ਦਾ ਕਾਰਨ ਹੈ। ਇਸ ਲਈ ਭਾਜਪਾ ਦੇਸ਼ ਦਾ ਨਾਂ ਬਦਲਣਾ ਚਾਹੁੰਦੀ ਹੈ।'' ਉੱਤਰ ਪ੍ਰਦੇਸ਼, ਤ੍ਰਿਪੁਰਾ ਅਤੇ ਪੱਛਮੀ ਬੰਗਾਲ ਸਮੇਤ ਛੇ ਰਾਜਾਂ ਦੀਆਂ ਸੱਤ ਵਿਧਾਨ ਸਭਾ ਸੀਟਾਂ 'ਤੇ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜਿਆਂ ਦੇ ਸ਼ੁੱਕਰਵਾਰ ਨੂੰ ਐਲਾਨ ਤੋਂ ਬਾਅਦ ਭਾਜਪਾ ਨੂੰ ਤਿੰਨ ਸੀਟਾਂ ਮਿਲੀਆਂ ਹਨ, ਜਦਕਿ ਵਿਰੋਧੀ ਪਾਰਟੀਆਂ ਨੂੰ ਚਾਰ ਸੀਟਾਂ ਮਿਲੀਆਂ ਹਨ।
ਕਾਂਗਰਸ, ਝਾਰਖੰਡ ਮੁਕਤੀ ਮੋਰਚਾ (ਜੇਐਮਐਮ), ਤ੍ਰਿਣਮੂਲ ਕਾਂਗਰਸ (ਟੀਐਮਸੀ) ਅਤੇ ਸਮਾਜਵਾਦੀ ਪਾਰਟੀ (ਐਸਪੀ), ਜੋ ਵਿਰੋਧੀ ਗਠਜੋੜ 'ਇੰਡੀਆ' (ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ) ਦਾ ਹਿੱਸਾ ਹਨ, ਨੂੰ ਇੱਕ-ਇੱਕ ਸੀਟ ਮਿਲੀ ਹੈ।