
ਘਟਨਾ ਸੰਯੁਕਤ ਰਾਸ਼ਟਰ ਦੇ ਸ਼ਰਨਾਰਥੀ ਹਾਈ ਕਮਿਸ਼ਨਰ ਦੇ ਦਫਤਰ ਨੇੜੇ ਵਾਪਰੀ
ਨਵੀਂ ਦਿੱਲੀ : ਪਛਮੀ ਦਿੱਲੀ ਦੇ ਵਿਕਾਸਪੁਰੀ ਇਲਾਕੇ ’ਚ ਇਕ ਸਥਾਨਕ ਵਿਅਕਤੀ ਨੇ ਇਕ ਸੀਰੀਆਈ ਸ਼ਰਨਾਰਥੀ, ਉਸ ਦੇ ਬੇਟੇ ਅਤੇ ਇਕ ਸੂਡਾਨੀ ਨਾਗਰਿਕ ’ਤੇ ਤੇਜ਼ਾਬ ਨਾਲ ਹਮਲਾ ਕਰ ਦਿਤਾ, ਜਿਸ ਕਾਰਨ ਉਹ ਝੁਲਸ ਗਏ। ਪੁਲਿਸ ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿਤੀ।
ਪੁਲਿਸ ਮੁਤਾਬਕ ਇਹ ਘਟਨਾ 30 ਸਤੰਬਰ ਨੂੰ ਵਿਕਾਸਪੁਰੀ ’ਚ ਸੰਯੁਕਤ ਰਾਸ਼ਟਰ ਦੇ ਸ਼ਰਨਾਰਥੀ ਹਾਈ ਕਮਿਸ਼ਨਰ (ਯੂ.ਐੱਨ.ਐੱਚ.ਆਰ.ਸੀ.) ਦੇ ਦਫਤਰ ਨੇੜੇ ਵਾਪਰੀ। ਦੋਹਾਂ ਨੂੰ ਉਸੇ ਦਿਨ ਛੁੱਟੀ ਦੇ ਦਿਤੀ ਗਈ ਸੀ, ਪਰ ਬੱਚੇ ਦੀ ਛਾਤੀ, ਗਰਦਨ ਅਤੇ ਅੱਖਾਂ ’ਤੇ 10 ਫ਼ੀ ਸਦੀ ਸੜਨ ਕਾਰਨ ਉਸ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ। ਪੁਲਿਸ ਵਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਇਸ ਮਾਮਲੇ ’ਚ ਇਕ ਸਥਾਨਕ ਨਿਵਾਸੀ ਰਾਕੇਸ਼ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਐਫ.ਆਈ.ਆਰ. ’ਚ ਪੀੜਤਾਂ ਦੀ ਪਛਾਣ 11 ਮਹੀਨੇ ਦੇ ਇਬਰਾਹਿਮ, ਉਸ ਦੇ ਪਿਤਾ ਰਾਫਟ ਅਬਮੋਹਮਿਦ ਅਤੇ ਨਬੀਲ ਉਮਰ ਅਕਬਰ ਵਜੋਂ ਹੋਈ ਹੈ।
ਸਫਦਰਜੰਗ ਹਸਪਤਾਲ ਦੇ ਸੂਤਰਾਂ ਮੁਤਾਬਕ ਬੱਚੇ ਨੂੰ ਬਾਹਰੀ ਮਰੀਜ਼ ਵਿਭਾਗ ’ਚ ਲਿਆਂਦਾ ਗਿਆ। ਕਿਉਂਕਿ ਉਹ 10 ਫ਼ੀ ਸਦੀ ਸੜ ਗਿਆ ਸੀ, ਇਸ ਲਈ ਉਸ ਨੂੰ ਇਕ ਹਫ਼ਤੇ ਲਈ ਇੰਟੈਂਸਿਵ ਕੇਅਰ ਯੂਨਿਟ (ਆਈ.ਸੀ.ਯੂ.) ’ਚ ਰੱਖਿਆ ਗਿਆ ਸੀ। ਇਲਾਜ ਤੋਂ ਬਾਅਦ ਉਨ੍ਹਾਂ ਨੂੰ 5 ਅਕਤੂਬਰ ਨੂੰ ਆਈ.ਸੀ.ਯੂ. ਤੋਂ ਵਾਰਡ ’ਚ ਸ਼ਿਫਟ ਕਰ ਦਿਤਾ ਗਿਆ ਸੀ। ਬੱਚੇ ਨੂੰ ਅੱਜ ਛੁੱਟੀ ਦੇ ਦਿਤੀ ਗਈ। ਉਹ ਹਫਤੇ ’ਚ ਦੋ ਵਾਰ ਪੱਟੀ ਬੰਨ੍ਹਣ ਲਈ ਆਵੇਗਾ।
ਪੁਲਿਸ ਡਿਪਟੀ ਕਮਿਸ਼ਨਰ (ਪਛਮੀ) ਵਿਚਿੱਤਰਾ ਵੀਰ ਨੇ ਦਸਿਆ ਕਿ 30 ਸਤੰਬਰ ਨੂੰ ਸ਼ਰਨਾਰਥੀਆਂ ਅਤੇ ਸਥਾਨਕ ਵਸਨੀਕਾਂ ਵਿਚਾਲੇ ਝਗੜੇ ਦੌਰਾਨ ਰਾਕੇਸ਼ ਕੁਮਾਰ ਨੇ ਤਿੰਨ ਸ਼ਰਨਾਰਥੀਆਂ ਅਤੇ ਉਨ੍ਹਾਂ ਦੇ ਤੰਬੂ ’ਤੇ ਕੁੱਝ ਰਸਾਇਣ ਸੁੱਟੇ ਸਨ। ਹਮਲੇ ਅਤੇ ਉਸ ਤੋਂ ਬਾਅਦ ਤੇਜ਼ਾਬ ਹਮਲੇ ਦੀ ਘਟਨਾ ਸੀ.ਸੀ.ਟੀ.ਵੀ. ’ਚ ਰੀਕਾਰਡ ਹੋ ਗਈ, ਜਿਸ ਦੀ ਫੁਟੇਜ ਪੁਲਿਸ ਨੇ ਬਰਾਮਦ ਕਰ ਲਈ ਹੈ। ਐਫ.ਆਈ.ਆਰ. ’ਚ ਕਿਹਾ ਗਿਆ ਹੈ ਕਿ ਹਮਲਾਵਰ ਦੇ ਨਾਲ ਦੋ ਹੋਰ ਲੋਕ ਸਨ।