
ਗਾਜ਼ਾ ਦੇ ਲੋਕ ਸੜਕਾਂ ’ਤੇ ਨਿਕਲ ਕੇ ਮਨਾ ਰਹੇ ਹਨ ਜਸ਼ਨ
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਜ਼ਰਾਈਲ ਅਤੇ ਹਮਾਸ ਵਿਚਕਾਰ ਚੱਲ ਰਹੀ ਜੰਗ ਨੂੰ ਖਤਮ ਕਰਨ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਇੱਕ ਵੱਡਾ ਐਲਾਨ ਕੀਤਾ ਹੈ। ਟਰੰਪ ਨੇ ਕਿਹਾ ਕਿ ਇਜ਼ਰਾਈਲ ਅਤੇ ਹਮਾਸ ਅਮਰੀਕਾ ਦੀ ਵਿਚੋਲਗੀ ਵਾਲੀ ਸ਼ਾਂਤੀ ਯੋਜਨਾ ਦੇ ਪਹਿਲੇ ਪੜਾਅ ’ਤੇ ਸਹਿਮਤ ਹੋ ਗਏ ਹਨ। ਉਨ੍ਹਾਂ ਕਿਹਾ ਕਿ ਇਜ਼ਰਾਈਲ ਅਤੇ ਹਮਾਸ ਨੇ ਸ਼ਾਂਤੀ ਯੋਜਨਾ ਦੇ ਪਹਿਲੇ ਪੜਾਅ ’ਤੇ ਦਸਤਖਤ ਕੀਤੇ ਹਨ। ਟਰੰਪ ਨੇ ਇਸ ਨੂੰ ਗਾਜ਼ਾ ਵਿੱਚ ਜੰਗ ਨੂੰ ਖਤਮ ਕਰਨ ਵੱਲ ਇੱਕ ਇਤਿਹਾਸਕ ਅਤੇ ਬੇਮਿਸਾਲ ਕਦਮ ਦੱਸਿਆ। ਟਰੰਪ ਦੇ ਇਸ ਐਲਾਨ ਦੇ ਨਾਲ ਗਾਜ਼ਾ ਵਿੱਚ ਜਸ਼ਨ ਦਾ ਮਾਹੌਲ ਹੈ। ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਸੜਕਾਂ ’ਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰ ਰਹੇ ਹਨ।
ਇਸ ਸਮਝੌਤੇ ਦਾ ਉਦੇਸ਼ ਗਾਜ਼ਾ ’ਚ ਲੜਾਈ ਨੂੰ ਰੋਕਣਾ, ਬੰਧਕਾਂ ਅਤੇ ਕੈਦੀਆਂ ਦੀ ਰਿਹਾਈ ਨੂੰ ਯਕੀਨੀ ਬਣਾਉਣਾ ਹੈ। ਹਮਾਸ ਨੇ ਗਾਜ਼ਾ ਸਮਝੌਤੇ ’ਤੇ ਸਹਿਮਤੀ ਪ੍ਰਗਟਾਈ ਹੈ, ਜਿਸ ’ਤੇ 9 ਅਕਤੂਬਰ ਨੂੰ ਮਿਸਰ ਵਿੱਚ ਦਸਤਖਤ ਕੀਤੇ ਜਾਣਗੇ। ਇਸ ਸਮਝੌਤੇ ਵਿੱਚ ਗਾਜ਼ਾ ’ਚ ਮਨੁੱਖੀ ਸਹਾਇਤਾ ਪਹੁੰਚਾਉਣ ਲਈ ਪੰਜ ਕਰਾਸਿੰਗਾਂ ਨੂੰ ਤੁਰੰਤ ਖੋਲ੍ਹਣਾ, ਗਾਜ਼ਾ ਵਾਪਸੀ ਦੇ ਨਕਸ਼ੇ ਵਿੱਚ ਬਦਲਾਅ ਅਤੇ ਪਹਿਲੇ ਪੜਾਅ ਵਿੱਚ 20 ਇਜ਼ਰਾਈਲੀ ਕੈਦੀਆਂ ਨੂੰ ਜ਼ਿੰਦਾ ਰਿਹਾਅ ਕਰਨਾ ਸ਼ਾਮਲ ਹੈ।
ਅਮਰੀਕੀ ਰਾਸ਼ਟਰਪਤੀ ਨੇ ਸੋਸ਼ਲ ਮੀਡੀਆ ਟਰੁੱਥ ’ਤੇ ਇੱਕ ਪੋਸਟ ਸਾਂਝੀ ਕੀਤੀ ਹੈ, ਜਿਸ ’ਚ ਉਨ੍ਹਾਂ ਕਿਹਾ ‘ਮੈਨੂੰ ਇਹ ਐਲਾਨ ਕਰਦੇ ਹੋਏ ਬਹੁਤ ਮਾਣ ਹੋ ਰਿਹਾ ਹੈ ਕਿ ਇਜ਼ਰਾਈਲ ਅਤੇ ਹਮਾਸ ਦੋਵਾਂ ਨੇ ਸਾਡੀ ਸ਼ਾਂਤੀ ਯੋਜਨਾ ਦੇ ਪਹਿਲੇ ਪੜਾਅ ’ਤੇ ਦਸਤਖਤ ਕੀਤੇ ਹਨ। ਇਸਦਾ ਮਤਲਬ ਹੈ ਕਿ ਸਾਰੇ ਬੰਧਕਾਂ ਨੂੰ ਜਲਦੀ ਹੀ ਰਿਹਾਅ ਕਰ ਦਿੱਤਾ ਜਾਵੇਗਾ ਅਤੇ ਇਜ਼ਰਾਈਲ ਆਪਣੇ ਫੌਜੀਆਂ ਨੂੰ ਇਕ ਨਿਸ਼ਚਿਤ ਹੱਦ ਤੱਕ ਵਾਪਸ ਬੁਲਾ ਲਵੇਗਾ, ਜੋ ਇਕ ਮਜ਼ਬੂਤ, ਸਥਾਈ ਅਤੇ ਸਦੀਵੀ ਸ਼ਾਂਤੀ ਵੱਲ ਪਹਿਲਾ ਕਦਮ ਹੋਵੇਗਾ।
ਰਾਸ਼ਟਰਪਤੀ ਨੇ ਕਿਹਾ ਕਿ ਸਾਰੇ ਪੱਖਾਂ ਦੇ ਨਾਲ ਨਿਰਪੱਖ ਵਿਵਹਾਰ ਕੀਤਾ ਜਾਵੇਗਾ ਅਤੇ ਉਨ੍ਹਾਂ ਨੇ ਕਤਰ, ਮਿਸਰ ਅਤੇ ਤੁਰਕੀ ਨੂੰ ਵਿਚੋਲਗੀ ਦੇ ਯਤਨਾਂ ਲਈ ਧੰਨਵਾਦ ਕੀਤਾ। ਟਰੰਪ ਨੇ ਲਿਖਿਆ ਕਿ ਇਹ ਅਰਬ ਅਤੇ ਮੁਸਲਿਮ ਜਗਤ, ਇਜ਼ਰਾਈਲ, ਆਸਪਾਸ ਦੇ ਸਾਰੇ ਦੇਸ਼ਾਂ ਨੂੰ ਸੰਯੁਕਤ ਰਾਜ ਅਮਰੀਕਾ ਦੇ ਲਈ ਇਕ ਮਹਾਨ ਦਿਨ ਹੈ। ਉਨ੍ਹਾਂ ਆਪਣੀ ਪੋਸਟ ਦੇ ਅੰਤ ’ਚ ਲਿਖਿਆ ‘ਧੰਨਵਾਦ ਹੈ ਜੋ ਸ਼ਾਂਤੀ ਸਥਾਪਿਤ ਕਰਦੇ ਹਨ।’