
ਸ੍ਰੀਨਗਰ 'ਚ ਅਤਿਵਾਦੀਆਂ ਨੇ ਦੁਕਾਨ 'ਚ ਦਾਖ਼ਲ ਹੋ ਕੇ ਕਸ਼ਮੀਰੀ ਪੰਡਿਤ ਦੇ ਸਟਾਫ਼ ਨੂੰ ਮਾਰੀ ਗੋਲੀ, ਹਸਪਤਾਲ 'ਚ ਮੌਤ
ਸ੍ਰੀਨਗਰ : ਘਾਟੀ 'ਚ ਇਕ ਮਹੀਨੇ ਬਾਅਦ ਇਕ ਵਾਰ ਫਿਰ ਅਤਿਵਾਦੀਆਂ ਨੇ ਟਾਰਗੇਟ ਕਿਲਿੰਗ ਸ਼ੁਰੂ ਕਰ ਦਿਤੀ ਹੈ। ਮੁਹੰਮਦ ਇਬਰਾਹਿਮ ਖਾਨ (45) ਦੀ ਸੋਮਵਾਰ ਸ਼ਾਮ ਸ੍ਰੀਨਗਰ ਦੇ ਬੋਹਰੀ ਕਦਲ ਇਲਾਕੇ 'ਚ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿਤੀ। ਗੰਭੀਰ ਜ਼ਖ਼ਮੀ ਇਬਰਾਹਿਮ ਨੂੰ ਐਸਐਮਐਚਐਸ ਹਸਪਤਾਲ ਲਿਆਂਦਾ ਗਿਆ, ਜਿੱਥੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿਤਾ।
ਐਸਐਮਐਚਐਸ ਹਸਪਤਾਲ ਦੇ ਡਾਇਰੈਕਟਰ ਡਾਕਟਰ ਕੰਵਲਜੀਤ ਸਿੰਘ ਨੇ ਦਸਿਆ ਕਿ ਜ਼ਖ਼ਮੀ ਇਬਰਾਹਿਮ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਸ ਦੀ ਛਾਤੀ ਦੇ ਖੱਬੇ ਪਾਸੇ ਅਤੇ ਪੇਟ ਵਿਚ ਗੋਲੀ ਲੱਗੀ ਸੀ। ਇਲਾਜ ਤੋਂ ਬਾਅਦ ਵੀ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਦੱਸ ਦੇਈਏ ਕਿ ਪਿਛਲੇ 24 ਘੰਟਿਆਂ 'ਚ ਅਤਿਵਾਦੀਆਂ ਦਾ ਇਹ ਦੂਜਾ ਹਮਲਾ ਹੈ।
Jammu-Kashmir
ਇਸ ਤੋਂ ਪਹਿਲਾਂ ਐਤਵਾਰ ਨੂੰ ਬਟਮਾਲੂ ਇਲਾਕੇ 'ਚ ਅਤਿਵਾਦੀਆਂ ਨੇ ਇਕ ਪੁਲਿਸ ਮੁਲਾਜ਼ਮ ਨੂੰ ਗੋਲੀ ਮਾਰ ਦਿਤੀ ਸੀ। ਮਿਲੀ ਜਾਣਕਾਰੀ ਅਨੁਸਾਰ ਇਬਰਾਹਿਮ ਅਸ਼ਟਾਂਗੀ ਬਾਂਦੀਪੋਰਾ ਦਾ ਰਹਿਣ ਵਾਲਾ ਸੀ | ਉਹ ਕਸ਼ਮੀਰੀ ਪੰਡਤ ਡਾਕਟਰ ਸੰਦੀਪ ਮਾਵਾ ਦੀ ਦੁਕਾਨ 'ਤੇ ਸੇਲਜ਼ਮੈਨ ਵਜੋਂ ਕੰਮ ਕਰਦਾ ਸੀ। ਦਸਿਆ ਜਾ ਰਿਹਾ ਹੈ ਕਿ ਡਾਕਟਰ ਸੰਦੀਪ ਮਾਵਾ ਮੱਖਣ ਲਾਲ ਬਿੰਦਰੂ ਦਾ ਰਿਸ਼ਤੇਦਾਰ ਹੈ।
ਦੱਸ ਦੇਈਏ ਕਿ 5 ਅਕਤੂਬਰ ਨੂੰ ਅਤਿਵਾਦੀਆਂ ਨੇ ਮੱਖਣ ਲਾਲ ਬਿੰਦਰੂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਸੀ। ਅਤਿਵਾਦੀਆਂ ਨੇ ਮੈਡੀਕਲ ਸਟੋਰ 'ਚ ਦਾਖ਼ਲ ਹੋ ਕੇ ਉਸ ਨੂੰ ਗੋਲੀ ਮਾਰ ਦਿਤੀ ਸੀ। ਮੱਖਣਲਾਲ ਬਿੰਦਰੂ ਸ਼੍ਰੀਨਗਰ ਦੇ ਇਕਬਾਲ ਪਾਰਕ ਇਲਾਕੇ ਦਾ ਇੱਕ ਨਾਮਵਰ ਕੈਮਿਸਟ ਸੀ।
Kashmir Zone Police
ਪੂਰੇ ਕਸ਼ਮੀਰ 'ਚ ਅਤਿਵਾਦੀ ਹਮਲਿਆਂ 'ਚ 27 ਆਮ ਲੋਕ ਮਾਰੇ ਜਾ ਚੁੱਕੇ ਹਨ । ਇਨ੍ਹਾਂ ਵਿਚ ਸ੍ਰੀਨਗਰ ਵਿਚ 12, ਪੁਲਵਾਮਾ ਵਿਚ 4, ਅਨੰਤਨਾਗ ਵਿਚ 4, ਕੁਲਗਾਮ ਵਿਚ 3, ਬਾਰਾਮੂਲਾ ਵਿਚ 2, ਬਡਗਾਮ ਵਿਚ ਇਕ ਅਤੇ ਬਾਂਦੀਪੋਰਾ ਵਿਚ ਇਕ ਸ਼ਾਮਲ ਹੈ। ਹਾਲ ਹੀ 'ਚ ਹੋਈਆਂ ਹੱਤਿਆਵਾਂ ਨੇ ਪੂਰੇ ਕਸ਼ਮੀਰ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿਤਾ ਹੈ। ਹਮਲੇ ਤੋਂ ਬਾਅਦ ਪੂਰੇ ਕਸ਼ਮੀਰ ਵਿਚ ਸੁਰੱਖਿਆ ਸਖ਼ਤ ਕਰ ਦਿਤੀ ਗਈ ਹੈ।