
ਭੱਠਾ ਮਜ਼ਦੂਰਾਂ ਨਾਲ ਅਲੀਗੜ੍ਹ ਵਿਚ ਵਾਪਰਿਆ ਦਰਦਨਾਕ ਹਾਦਸਾ
ਆਲਮਪੁਰ: ਅਲੀਗੜ੍ਹ ਦੇ ਦਾਦਾਸ 'ਚ ਆਲਮਪੁਰ ਬਾਈਪਾਸ 'ਤੇ ਬੁੱਧਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਕਾਸਗੰਜ ਰੋਡ 'ਤੇ ਮਜ਼ਦੂਰਾਂ ਨਾਲ ਭਰੀ ਬੱਸ 'ਤੇ ਹਾਈ ਟੈਂਸ਼ਨ ਵਾਲੀ ਬਿਜਲੀ ਦੀ ਲਾਈਨ ਟੁੱਟ ਕੇ ਡਿੱਗ ਗਈ। ਹਾਈ ਟੈਂਸ਼ਨ ਲਾਈਨ ਦੇ ਟੁੱਟਣ ਕਾਰਨ ਉਸ ਵਿੱਚ ਕਰੰਟ ਆ ਗਿਆ ਅਤੇ ਅੱਗ ਲੱਗ ਗਈ। ਬੱਸ ਵਿੱਚ 70 ਭੱਠਾ ਮਜ਼ਦੂਰ ਸਵਾਰ ਸਨ ਅਤੇ ਉਹ ਮਹੋਬਾ ਤੋਂ ਅਲੀਗੜ੍ਹ ਵੱਲ ਆ ਰਹੇ ਸਨ।
ਇਹ ਸਾਰੇ ਥਾਣਾ ਪਾਲੀ ਦੇ ਪਿੰਡ ਖੁਰਦੀਆ ਵਿੱਚ ਇੱਕ ਭੱਠੇ ਵਿੱਚ ਕੰਮ ਕਰਨ ਲਈ ਲਿਜਾਏ ਜਾ ਰਹੇ ਸਨ। ਫਿਰ ਦੁਪਹਿਰ ਵੇਲੇ ਇਹ ਹਾਦਸਾ ਵਾਪਰਿਆ। ਇਸ ਹਾਦਸੇ 'ਚ 12 ਤੋਂ ਵੱਧ ਮਜ਼ਦੂਰ ਜ਼ਖਮੀ ਹੋ ਗਏ ਹਨ। ਮਜ਼ਦੂਰਾਂ ਨੂੰ ਮਹੋਬਾ ਤੋਂ ਇੱਟਾਂ ਦੇ ਭੱਠੇ 'ਤੇ ਕੰਮ ਕਰਨ ਲਈ ਲਿਆਂਦਾ ਗਿਆ ਸੀ। ਬੱਸ ਦੇ ਉਪਰ ਹੋਰ ਵੀ ਕਾਫੀ ਸਮਾਨ ਰੱਖਿਆ ਹੋਇਆ ਸੀ ਜਿਨ੍ਹਾਂ ਵਿਚ ਲੋਹੇ ਦੇ ਮੰਜੇ ਵੀ ਸਨ। ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿਚ ਇਹ ਮੰਜੇ ਆਉਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਕਰੰਟ ਲੱਗਣ ਤੋਂ ਪਹਿਲਾਂ ਬੱਸ ਵਿੱਚ ਰੌਲਾ ਪੈ ਗਿਆ ਅਤੇ ਦੇਖਦੇ ਹੀ ਦੇਖਦੇ ਬੱਸ ਨੂੰ ਅੱਗ ਲੱਗ ਗਈ।
ਬੱਸ ਨੂੰ ਅੱਗ ਲੱਗਦੀ ਦੇਖ ਆਸਪਾਸ ਦੇ ਪਿੰਡ ਵਾਸੀ ਭੱਜੇ ਅਤੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਲੱਗੇ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ਅਤੇ ਜ਼ਖਮੀਆਂ ਨੂੰ ਬਾਹਰ ਕੱਢਿਆ। ਇਸ ਤੋਂ ਬਾਅਦ ਪਿੰਡ ਦੇ ਲੋਕ ਜ਼ਖ਼ਮੀਆਂ ਨੂੰ ਲੈ ਕੇ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ 2 ਮਜ਼ਦੂਰਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ 15 ਮਜ਼ਦੂਰ ਅਤੇ ਬੱਚੇ ਜ਼ਖਮੀ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।