
ਭਾਈ ਕਾਨਪੁਰੀ ਨੇ ਧਾਰਮਿਕ ਸਮਾਗਮ ਵਿਚ ਸਿਆਸੀ ਆਗੂ ਦੀ ਆਮਦ ਅਤੇ ਉਸ ਸਨਮਾਨਿਤ ਕੀਤੇ ਜਾਣ 'ਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਫਿਟਕਾਰ ਲਗਾਈ ਹੈ।
ਇੰਦੌਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕਰਵਾਏ ਗਏ ਧਾਰਮਿਕ ਸਮਾਗਮ ਵਿਚ ਕਾਂਗਰਸੀ ਆਗੂ ਕਮਲ ਨਾਥ ਦੀ ਆਮਦ ਤੇ ਸਨਮਾਨ ਨੂੰ ਲੈ ਕੇ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਨੇ ਸਖ਼ਤ ਸ਼ਬਦਾਂ ਵਿਚ ਰੋਸ ਜਤਾਇਆ ਹੈ। ਕਈ ਸਿੱਖ ਆਗੂਆਂ ਨੇ ਮਨਪ੍ਰੀਤ ਸਿੰਘ ਕਾਨਪੁਰੀ ਨਾਲ ਸਹਿਮਤੀ ਵੀ ਜਤਾਈ ਹੈ।
ਇਸ ਸਮਾਗਮ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਹਨ। ਭਾਈ ਕਾਨਪੁਰੀ ਨੇ ਧਾਰਮਿਕ ਸਮਾਗਮ ਵਿਚ ਸਿਆਸੀ ਆਗੂ ਦੀ ਆਮਦ ਅਤੇ ਉਸ ਸਨਮਾਨਿਤ ਕੀਤੇ ਜਾਣ 'ਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਫਿਟਕਾਰ ਲਗਾਈ ਹੈ। ਮੰਗਲਵਾਰ ਨੂੰ ਸ਼ਹਿਰ ਦੇ ਖਾਲਸਾ ਕਾਲਜ 'ਚ ਆਯੋਜਿਤ ਪ੍ਰੋਗਰਾਮ ਦੌਰਾਨ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕਮਲਨਾਥ ਤੋਂ ਇਲਾਵਾ ਭਾਜਪਾ ਦੇ ਸਾਬਕਾ ਲੋਕ ਸਭਾ ਮੈਂਬਰ ਕ੍ਰਿਸ਼ਨਾਮੁਰਾਰੀ ਮੋਘੇ ਵੀ ਮੌਜੂਦ ਸਨ। ਚਸ਼ਮਦੀਦਾਂ ਨੇ ਦੱਸਿਆ ਕਿ ਗੁਰਦੁਆਰਾ ਪ੍ਰਬੰਧਕਾਂ ਨੇ ਇਹਨਾਂ ਸਿਆਸਤਦਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਭਾਈ ਮਨਪ੍ਰੀਤ ਸਿੰਘ ਕਾਨਪੁਰੀ ਨੇ ਪ੍ਰਬੰਧਕਾਂ 'ਤੇ ਵਰ੍ਹਦਿਆਂ ਕੀਰਤਨ ਦੀ ਸਟੇਜ ਤੋਂ ਕਿਹਾ, ''ਤੁਸੀਂ ਕਿਹੜੇ ਸਿਧਾਂਤਾਂ ਦੀ ਗੱਲ ਕਰ ਰਹੇ ਹੋ? ਤੁਹਾਨੂੰ ਟਾਇਰ ਪਾ ਕੇ ਸਾੜਿਆ ਗਿਆ, ਤੁਸੀਂ ਫਿਰ ਵੀ ਨਹੀਂ ਸੁਧਰੇ। ਤੁਹਾਡੀ ਜ਼ਮੀਰ ਹੀ ਨਹੀਂ ਹੈ। ਤੁਸੀਂ ਕਿਸ ਤਰ੍ਹਾਂ ਦੀ ਰਾਜਨੀਤੀ ਕਰਨੀ ਹੈ? ਮਰੀ ਹੋਈ ਕੌਮ ਹੈ ਸਾਡੀ।”
ਉਹਨਾਂ ਪ੍ਰੋਗਰਾਮ ਦੇ ਪ੍ਰਬੰਧਕਾਂ ਨੂੰ ਫਿਟਕਾਰ ਲਗਾਈ ਅਤੇ ਕਿਹਾ ਕਿ ਤੁਹਾਡੀ ਜ਼ਮੀਰ ਜ਼ਿੰਦਾ ਹੁੰਦੀ ਤਾਂ ਅੱਜ ਇਹ ਨਹੀਂ ਹੁੰਦਾ। ਉਹਨਾਂ ਕਿਹਾ ਕਿ ਇਸ ਨੂੰ ਰਾਜਨੀਤਕ ਪ੍ਰੋਗਰਾਮ ਬਣਾ ਦਿੱਤਾ ਗਿਆ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਮੈਂ ਵਾਅਦਾ ਕਰਦਾ ਹਾਂ ਕਿ ਮੈਂ ਦੁਬਾਰਾ ਕਦੇ ਇੰਦੌਰ ਨਹੀਂ ਆਵਾਂਗਾ। ਦੱਸ ਦਈਏ ਕਿ ਕਮਲਨਾਥ 1984 ਵਿਚ ਹੋਈ ਸਿੱਖ ਨਸਲਕੁਸ਼ੀ ਦੇ ਮੁੱਖ ਦੋਸ਼ੀਆਂ ਵਿਚ ਸ਼ਾਮਲ ਹੈ।
ਇਸ ਮਾਮਲੇ ਵਿਚ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਡਾਕਟਰ ਨਰੋਤਮ ਮਿਸ਼ਰਾ ਨੇ ਬਿਆਨ ਦਿੱਤਾ ਹੈ ਕਿ ਇੰਦੌਰ ਦੇ ਖਾਲਸਾ ਕਾਲਜ ਵਿਚ ਜੋ ਹੋਇਆ ਉਹ ਬਹੁਤ ਹੀ ਦੁਖਦਾਈ ਅਤੇ ਸ਼ਰਮਨਾਕ ਹੈ। ਉਹਨਾਂ ਕਿਹਾ ਕਿ 1984 ਕਤਲੇਆਮ ਦੇ ਦੋਸ਼ੀਆਂ ਤੋਂ ਹੋਰ ਕੀ ਉਮੀਦ ਕੀਤੀ ਜਾ ਸਕਦੀ ਹੈ?