
ਉੱਤਰ ਭਾਰਤ ਵਿਚ ਵੱਧ ਰਹੀ ਹੈ ਠੰਡ
ਨਵੀਂ ਦਿੱਲੀ : ਦਸੰਬਰ ਮਹੀਨਾ ਸ਼ੁਰੂ ਹੁੰਦਿਆ ਹੀ ਪੂਰੇ ਉੱਤਰ ਭਾਰਤ ਵਿਚ ਠੰਡ ਵੱਧ ਗਈ ਹੈ। ਲਦਾਖ ਦੇ ਦਰਾਸ ਵਿਚ ਪਾਰਾ ਐਤਵਾਰ ਨੂੰ ਸਿਰਫ਼ -26 ਡਿਗਰੀ ਸੈਲਸੀਅਸ 'ਤੇ ਪਹੁੰਚ ਗਿਆ ਸੀ। ਸ੍ਰੀਨਗਰ ਵਿਚ ਮੌਸਮ ਦੀ ਮਾਰ ਸੱਭ ਤੋਂ ਜਿਆਦਾ ਦਰਜ ਕੀਤੀ ਗਈ, ਜਿੱਥੇ ਪਾਰਾ ਸਿਫਰ ਤੋਂ -4 ਡਿਗਰੀ ਸੈਲਸੀਅਸ ਪਹੁੰਚ ਗਿਆ, ਜਿਸ ਕਾਰਨ ਡੱਲ ਝੀਲ ਜੰਮ ਗਈ। ਦਿੱਲੀ,ਹਰਿਆਣਾ,ਪੰਜਾਬ ਦੇ ਵਾਸੀਆਂ ਨੇ ਸੋਮਵਾਰ ਸਵੇਰੇ ਠੰਡ ਅਤੇ ਧੁੰਦ ਦਾ ਸਾਹਮਣਾ ਕੀਤਾ, ਕਿਉਂਕਿ ਇਨ੍ਹਾਂ ਸੂਬਿਆ ਵਿਚ ਔਸਤਨ ਤਾਪਮਾਨ 9 ਡਿਗਰੀ ਤੋਂ ਥੱਲੇ ਦਰਜ ਕੀਤਾ ਗਿਆ।
file photo
ਹਿਮਾਚਲ ਪ੍ਰਦੇਸ਼ ਦੇ ਰੋਹਤਾਂਗ ਵਿਚ ਪਿਛਲੇ 19 ਦਿਨਾਂ ਤੋਂ ਬੰਦ ਪਈ ਵਾਹਨਾਂ ਦੀ ਆਵਾਜਾਈ ਐਤਵਾਰ ਨੂੰ ਥੋੜੀ ਦੇਰ ਲਈ ਸ਼ੁਰੂ ਹੋਈ ਪਰ ਬਰਫੀਲੇ ਤੂਫਾਨ ਕਾਰਨ ਇਸ ਨੂੰ ਫਿਰ ਬੰਦ ਕਰਨਾ ਪਿਆ। ਐਤਵਾਰ ਨੂੰ ਧੁੰਦ ਅਤੇ ਖ਼ਰਾਬ ਵਿਜ਼ੀਬਿਲਟੀ ਕਾਰਨ ਸ੍ਰੀਨਗਰ ਕੌਮਾਂਤਰੀ ਹਵਾਈ ਅੱਡੇ ਤੋਂ ਸਾਰੀਆਂ 28 ਉਡਾਨਾ ਰੱਦ ਕਰਨੀਆਂ ਪਈਆਂ।
file photo
ਸੋਮਵਾਰ ਸਵੇਰੇ ਅੰਮ੍ਰਿਤਸਰ,ਬਟਾਲਾ, ਹੁਸ਼ਿਆਰਪੁਰ,ਗੁਰਦਾਸਪੁਰ ਵਿਚ 8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਅਬੋਹਰ,ਫਰੀਦਕੋਟ, ਫਿਰੋਜ਼ਪੁਰ, ਕੋਟਕਪੁਰਾ,ਕਪੂਰਥਲਾ, ਫਾਜਿਲਕ, ਲੁਧਿਆਣਾ, ਸ੍ਰੀ ਮੁਕਤਸਰ ਸਾਹਿਬ ਵਿਚ 9 ਡਿਗਰੀ ਸੈਲੀਅਸ ਤਾਪਮਾਨ ਰਿਹਾ। ਇਸ ਤੋਂ ਇਲਾਵਾ ਪਟਿਆਲਾ,ਬਰਨਾਲਾ,ਬਠਿੰਡਾ,ਜਲੰਧਰ,ਖੰਨਾ,ਪਠਾਨਕੋਟ ਅਤੇ ਫਗਵਾੜਾ ਵਿਚ 10 ਡਿਗਰੀ ਅਤੇ ਮੋਹਾਲੀ ਵਿਚ 11 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।
file photo
ਮੌਸਮ ਵਿਭਾਗ ਮੁਤਾਬਕ ਪੰਜਾਬ ਅਤੇ ਹਰਿਆਣਾ ਵਿਚ 12 ਦਸੰਬਰ ਨੂੰ ਮੀਂਹ ਪੈ ਸਕਦਾ ਹੈ। ਪੱਛਮੀ ਹਿਮਾਲਿਆ ਵਿਚ ਵੈਸਟਰਨ ਡਿਸਟਰਬੈਂਸ ਕਾਰਨ ਮੌਸਮ ਖਰਾਬ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਅਤੇ ਇਸ ਦੇ ਨਾਲ ਲੱਗਦੇ ਮੱਧ ਪ੍ਰਦੇਸ਼ ਅਤੇ ਬਿਹਾਰ ਵਿਚ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਪਹਾੜੀ ਇਲਾਕਿਆਂ ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿਚ ਵੀ ਬਰਫ਼ਬਾਰੀ ਦੀ ਸੰਭਾਵਨਾ ਪ੍ਰਗਟਾਈ ਗਈ ਹੈ ਜਿਸ ਕਾਰਨ ਮੈਦਾਨੀ ਇਲਾਕਿਆਂ ਵਿਚ ਹੋਰ ਵੀ ਠੰਡ ਵਧੇਗੀ।