
ਕਿਹਾ- ਜ਼ਮੀਨੀ ਪੱਧਰ ਦੇ ਹਾਲਾਤ ਸਮਝਣ ਲਈ ਮੋਰਚੇ ਵਿਚ ਸ਼ਾਮਲ ਹੋਣਾ ਬਹੁਤ ਜ਼ਰੂਰੀ
ਨਵੀਂ ਦਿੱਲੀ (ਅਰਪਨ ਕੌਰ): ਹਾਕਮ ਧਿਰ ਕੋਲੋਂ ਅਪਣੀਆਂ ਮੰਗਾਂ ਮਨਵਾਉਣ ਲਈ ਕਿਸਾਨਾਂ ਨੇ ਦੇਸ਼ ਦੀ ਰਾਜਧਾਨੀ ਵਿਚ ਮੋਰਚਾ ਸੰਭਾਲਿਆ ਹੋਇਆ ਹੈ। ਇਸ ਦੌਰਾਨ ਕਿਸਾਨਾਂ ਨੂੰ ਸਥਾਨਕ ਲੋਕਾਂ ਦਾ ਪੂਰਾ ਸਮਰਥਨ ਮਿਲ ਰਿਹਾ ਹੈ। ਦਿੱਲੀ ਵਾਸੀਆਂ ਦਾ ਕਹਿਣਾ ਹੈ ਕਿ ਉਹ ਅਪਣੇ ਅੰਨਦਾਤਾ ਤੇ ਦੇਸ਼ ਦੇ ਕਿਸਾਨ ਦੇ ਨਾਲ ਹਨ।
Delhi girls support farmers protest
ਇਸ ਦੌਰਾਨ ਦਿੱਲੀ ਦੀਆਂ ਰਹਿਣ ਵਾਲੀਆਂ ਦੋ ਨੌਜਵਾਨ ਕੁੜੀਆਂ ਨੇ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕੀਤੀ। ਨਿਧੀ ਨਾਂਅ ਦੀ ਲੜਕੀ ਨੇ ਦੱਸਿਆ ਕਿ ਉਹ ਕਾਫ਼ੀ ਦਿਨਾਂ ਤੋਂ ਟੀਵੀ 'ਚ ਦੇਖ ਰਹੀ ਸੀ ਕਿ ਇੱਥੇ ਕੀ ਹੋ ਰਿਹਾ ਹੈ। ਇਸ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਲੈਣ ਲਈ ਨਿਧੀ ਨੇ ਕਿਸਾਨੀ ਮੋਰਚੇ 'ਚ ਆਉਣ ਦਾ ਫੈਸਲਾ ਕੀਤਾ।
Farmer Protest
ਨਿਧੀ ਨੇ ਦੱਸਿਆ ਕਿ ਉਸ ਨੂੰ ਕਿਸਾਨਾਂ ਨੇ ਬਹੁਤ ਚੰਗੀ ਤਰ੍ਹਾਂ ਇਹਨਾਂ ਕਾਨੂੰਨਾਂ ਬਾਰੇ ਦੱਸਿਆ, ਜਿਸ ਤੋਂ ਬਾਅਦ ਉਸ ਨੂੰ ਯਕੀਨ ਹੋਇਆ ਕਿ ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ। ਇਸ ਦੌਰਾਨ ਇਹਨਾਂ ਲੜਕੀਆਂ ਨੇ ਲੰਗਰ ਵਿਚ ਸੇਵਾ ਕੀਤੀ ਤੇ ਉਹਨਾਂ ਕਿਹਾ ਕਿ ਉਹ ਫਿਰ ਇੱਥੇ ਆ ਕੇ ਕਿਸਾਨੀ ਸੰਘਰਸ਼ 'ਚ ਸਹਿਯੋਗ ਦੇਣਗੀਆਂ।
ਹਰਪ੍ਰੀਤ ਕੌਰ ਨਾਂਅ ਦੀ ਇਕ ਲੜਕੀ ਨੇ ਦੱਸਿਆ ਕਿ ਕਾਫ਼ੀ ਸਮੇਂ ਤੋਂ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਸੀ ਪਰ ਦਿੱਲੀ ਵਾਸੀਆਂ ਨੂੰ ਇਸ ਬਾਰੇ ਭਣਕ ਤੱਕ ਨਹੀਂ ਸੀ। ਜਦੋਂ ਕਿਸਾਨ ਦਿੱਲੀ ਦੀਆਂ ਸੜਕਾਂ 'ਤੇ ਬੈਠੇ ਤਾਂ ਚਾਰੇ ਪਾਸੇ ਰੋਲ ਪਿਆ ਹੈ। ਪਰ ਸਰਕਾਰ ਕਿਸਾਨਾਂ ਦੀ ਗੱਲ ਸੁਣਨ ਲਈ ਤਿਆਰ ਹੀ ਨਹੀਂ ਹੈ। ਜ਼ਿਆਦਾਤਰ ਮੀਡੀਆ ਅਦਾਰਿਆਂ ਨੇ ਵੀ ਚੁੱਪੀ ਸਾਧੀ ਹੋਈ ਹੈ।
Delhi girls support farmers protest
ਹਰਪ੍ਰੀਤ ਕੌਰ ਨੇ ਕਿਹਾ ਕਿ ਜ਼ਮੀਨੀ ਸੱਚਾਈ ਜਾਣਨ ਲਈ ਕਿਸਾਨਾਂ ਦੇ ਮੋਰਚੇ ਵਿਚ ਸ਼ਾਮਲ ਹੋਣਾ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਇੱਥੇ ਆ ਕੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਨਫ਼ਰਤ ਨਹੀਂ ਦਿਖਾਈ ਦਿੱਤੀ, ਉਹਨਾਂ ਨੂੰ ਇੱਥੇ ਆ ਕੇ ਬਹੁਤ ਪਿਆਰ, ਮਾਣ ਤੇ ਸਤਿਕਾਰ ਮਿਲਿਆ ਹੈ। ਹਰਪ੍ਰੀਤ ਨੇ ਦੱਸਿਆ ਕਿ ਕਿਸਾਨੀ ਸੰਘਰਸ਼ ਨੂੰ ਲੈ ਕੇ ਗਲਤ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ ਜਦਕਿ ਅਜਿਹਾ ਕੁਝ ਵੀ ਨਹੀਂ ਹੈ। ਮੋਰਚੇ ਸਬੰਧੀ ਗਲਤ ਜਾਣਕਾਰੀ ਫੈਲਾਈ ਜਾ ਰਹੀ ਹੈ।
Delhi girls support farmers protest
ਨਿਧੀ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀ ਗੱਲ਼ ਨਹੀਂ ਸੁਣ ਰਹੀ, ਇਹੀ ਕਾਰਨ ਹੈ ਕਿ ਉਹ ਇੰਨੀ ਦੂਰੋਂ ਦਿੱਲੀ ਆਏ ਹਨ। ਨਹੀਂ ਤਾਂ ਕੋਈ ਵੀ ਵਿਅਕਤੀ ਅਪਣਾ ਘਰ ਬਾਰ ਛੱਡ ਕੇ ਸੜਕਾਂ 'ਤੇ ਨਹੀਂ ਬੈਠਦਾ। ਉਹਨਾਂ ਕਿਹਾ ਕਿ ਬਾਰਡਰ ਸੀਲ ਹੋਣ ਕਾਰਨ ਦਿੱਲੀ ਦੇ ਲੋਕਾਂ ਨੂੰ ਕੁਝ ਸਮੱਸਿਆਵਾਂ ਵੀ ਆ ਰਹੀਆਂ ਹਨ ਪਰ ਉਹਨਾਂ ਨੂੰ ਇਹ ਮੁਸ਼ਕਿਲਾਂ ਸਹਿ ਲੈਣੀਆਂ ਚਾਹੀਦੀਆਂ ਹਨ ਕਿਉਂਕਿ ਕਿਸਾਨ ਸਾਡੇ ਅੰਨਦਾਤਾ ਹਨ ਤੇ ਉਹ ਅਪਣੇ ਹੱਕਾਂ ਦੀ ਲੜਾਈ ਲੜ ਰਹੇ ਹਨ।
Delhi girls support farmers protest
ਉਹਨਾਂ ਕਿਹਾ ਕਿ ਲੋਕ ਟੀਵੀ ਜ਼ਰੀਏ ਹੀ ਕਾਨੂੰਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ ਜਦਕਿ ਜ਼ਮੀਨੀ ਪੱਧਰ ਦੇ ਹਾਲਾਤ ਕੁਝ ਵੱਖਰੇ ਹਨ। ਨਿਧੀ ਤੇ ਹਰਪ੍ਰੀਤ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਚੀਜ਼ 'ਤੇ ਯਕੀਨ ਕਰਨ ਤੋਂ ਪਹਿਲਾਂ ਉਸ ਨੂੰ ਖੁਦ ਦੇਖਿਆ ਤੇ ਸਮਝਿਆ ਜਾਵੇ।