ਵੱਖ-ਵੱਖ ਵਿਰੋਧੀ ਮੈਂਬਰਾਂ ਨੇ ਸਪੀਕਰ ਜਗਦੀਪ ਧਨਖੜ ਨੂੰ ਬੇਨਤੀ ਕੀਤੀ ਕਿ ਇਸ ਨੂੰ ਸਦਨ ਵਿਚ ਪੇਸ਼ ਨਾ ਹੋਣ ਦਿੱਤਾ ਜਾਵੇ।
ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੇ ਇਕ ਮੈਂਬਰ ਵਲੋਂ ਯੂਨੀਫਾਰਮ ਸਿਵਲ ਕੋਡ ਨੂੰ ਲੈ ਕੇ ਲਿਆਂਦੇ ਗਏ ਇਕ ਪ੍ਰਾਈਵੇਟ ਮੈਂਬਰ ਬਿੱਲ ਨੂੰ ਵਿਰੋਧੀ ਧਿਰ ਦੇ ਭਾਰੀ ਹੰਗਾਮੇ ਦਰਮਿਆਨ ਸ਼ੁੱਕਰਵਾਰ ਨੂੰ ਰਾਜ ਸਭਾ ਵਿਚ ਪੇਸ਼ ਕੀਤਾ ਗਿਆ। ਉਪਰਲੇ ਸਦਨ ਨੇ 23 ਦੇ ਮੁਕਾਬਲੇ 63 ਵੋਟਾਂ ਨਾਲ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕਰਨ ਦੀ ਇਜਾਜ਼ਤ ਦਿੱਤੀ। ਸ਼ੁੱਕਰਵਾਰ ਨੂੰ ਦੁਪਹਿਰ ਦੇ ਖਾਣੇ ਦੀ ਬਰੇਕ ਤੋਂ ਬਾਅਦ ਨਿੱਜੀ ਕਾਰੋਬਾਰ ਮੁੜ ਸ਼ੁਰੂ ਹੁੰਦਿਆਂ ਸਭ ਤੋਂ ਪਹਿਲਾਂ ਭਾਜਪਾ ਦੇ ਕਿਰੋਰੀ ਮੱਲ ਮੀਨਾ ਦੁਆਰਾ ਯੂਨੀਫਾਰਮ ਸਿਵਲ ਕੋਡ ਬਿੱਲ 2020 ਪੇਸ਼ ਕੀਤਾ ਗਿਆ।
ਬਿੱਲ ਨੂੰ ਸੰਵਿਧਾਨ ਦੇ ਵਿਰੁੱਧ ਦੱਸਦਿਆਂ ਐਮਡੀਐਮਕੇ ਦੇ ਵਾਈਕੋ ਸਮੇਤ ਵੱਖ-ਵੱਖ ਵਿਰੋਧੀ ਮੈਂਬਰਾਂ ਨੇ ਸਪੀਕਰ ਜਗਦੀਪ ਧਨਖੜ ਨੂੰ ਬੇਨਤੀ ਕੀਤੀ ਕਿ ਇਸ ਨੂੰ ਸਦਨ ਵਿਚ ਪੇਸ਼ ਨਾ ਹੋਣ ਦਿੱਤਾ ਜਾਵੇ। ਚੇਅਰਮੈਨ ਨੇ ਮੀਨਾ ਨੂੰ ਬਿੱਲ ਬਾਰੇ ਬੋਲਣ ਦਾ ਮੌਕਾ ਦਿੱਤਾ ਪਰ ਭਾਜਪਾ ਮੈਂਬਰ ਨੇ ਕਿਹਾ ਕਿ ਜਦੋਂ ਇਸ ਬਿੱਲ ਨੂੰ ਸਦਨ ਵਿਚ ਚਰਚਾ ਲਈ ਲਿਆ ਜਾਵੇਗਾ ਤਾਂ ਉਹ ਆਪਣੀ ਗੱਲ ਰੱਖਣਗੇ। ਇਸ ਤੋਂ ਬਾਅਦ ਚੇਅਰਮੈਨ ਨੇ ਵਿਰੋਧੀ ਮੈਂਬਰਾਂ ਨੂੰ ਇਕ-ਇਕ ਕਰਕੇ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ। ਵਿਰੋਧੀ ਪਾਰਟੀਆਂ ਨੇ ਬਿੱਲ ਦਾ ਵਿਰੋਧ ਕੀਤਾ।
ਵਿਰੋਧੀ ਧਿਰ ਦੇ ਮੈਂਬਰਾਂ ਨੇ ਇਸ ਬਿੱਲ ਨੂੰ ਸੰਵਿਧਾਨ ਦੇ ਵਿਰੁੱਧ ਦੱਸਿਆ ਅਤੇ ਕਿਹਾ ਕਿ ਇਸ ਨਾਲ ਦੇਸ਼ ਦੀ ਵਿਭਿੰਨਤਾ ਦੇ ਸੱਭਿਆਚਾਰ ਨੂੰ ਨੁਕਸਾਨ ਹੋਵੇਗਾ। ਉਹਨਾਂ ਕਿਹਾ ਕਿ ਦੇਸ਼ ਦੇ ਸਮਾਜਿਕ ਤਾਣੇ-ਬਾਣੇ ਨੂੰ ਨੁਕਸਾਨ ਹੋਣ ਦਾ ਖਦਸ਼ਾ ਹੈ। ਉਹਨਾਂ ਨੇ ਭਾਜਪਾ ਮੈਂਬਰ ਮੀਨਾ ਨੂੰ ਬਿੱਲ ਵਾਪਸ ਲੈਣ ਦੀ ਬੇਨਤੀ ਕੀਤੀ। ਕੁਝ ਵਿਰੋਧੀ ਮੈਂਬਰਾਂ ਨੇ ਕਿਹਾ ਕਿ ਅਜਿਹੇ ਕਾਨੂੰਨ ਨੂੰ ਦੇਸ਼ ਦੀ ਨਿਆਂਪਾਲਿਕਾ ਰੱਦ ਕਰ ਦੇਵੇਗੀ।
ਸਦਨ ਦੇ ਨੇਤਾ ਪਿਊਸ਼ ਗੋਇਲ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਸਮੇਤ ਸੰਵਿਧਾਨ ਦੇ ਨਿਰਮਾਤਾਵਾਂ ਨੇ ਨਿਰਦੇਸ਼ਕ ਸਿਧਾਂਤਾਂ ਵਿਚ ਇਕਸਾਰ ਸਿਵਲ ਕੋਡ ਦਾ ਵਿਸ਼ਾ ਰੱਖਿਆ ਸੀ। ਉਹਨਾਂ ਕਿਹਾ ਕਿ ਸਦਨ ਦੇ ਹਰੇਕ ਮੈਂਬਰ ਨੂੰ ਸੰਵਿਧਾਨ ਨਾਲ ਸਬੰਧਤ ਕਿਸੇ ਵਿਸ਼ੇ 'ਤੇ ਬਿੱਲ ਪੇਸ਼ ਕਰਨ ਦਾ ਅਧਿਕਾਰ ਹੈ ਅਤੇ ਉਸ ਦੇ ਅਧਿਕਾਰ 'ਤੇ ਸਵਾਲ ਨਹੀਂ ਉਠਾਇਆ ਜਾ ਸਕਦਾ। ਮੀਨਾ ਦੁਆਰਾ ਪੇਸ਼ ਕੀਤਾ ਗਿਆ ਪ੍ਰਾਈਵੇਟ ਮੈਂਬਰ ਬਿੱਲ ਪੂਰੇ ਭਾਰਤ ਲਈ ਯੂਨੀਫਾਰਮ ਸਿਵਲ ਕੋਡ ਤਿਆਰ ਕਰਨ ਅਤੇ ਇਸ ਨੂੰ ਲਾਗੂ ਕਰਨ ਲਈ ਰਾਸ਼ਟਰੀ ਨਿਰੀਖਣ ਅਤੇ ਜਾਂਚ ਕਮੇਟੀ ਦੇ ਗਠਨ ਦੀ ਵਿਵਸਥਾ ਕਰਦਾ ਹੈ।