
ਪਾਮ ਆਇਲ ਤੋਂ ਇਲਾਵਾ ਬਾਕੀ ਸਾਰੇ ਪ੍ਰਮੁੱਖ ਖਾਣ ਵਾਲੇ ਤੇਲ ਦੀਆਂ ਕੀਮਤਾਂ ਵਿਚ ਵੀ ਇਸ ਦੌਰਾਨ ਮਾਮੂਲੀ ਵਾਧਾ ਹੋਇਆ ਹੈ।
ਨਵੀਂ ਦਿੱਲੀ: ਦਾਲ ਅਤੇ ਰੋਟੀ ਇਕ ਵਾਰ ਫਿਰ ਮਹਿੰਗੀ ਹੋਣ ਲੱਗੀ ਹੈ। ਪਿਛਲੇ ਇਕ ਮਹੀਨੇ ਵਿਚ ਪ੍ਰਚੂਨ ਬਾਜ਼ਾਰ ਵਿਚ ਕਣਕ ਅਤੇ ਦਾਲਾਂ ਦੀਆਂ ਕੀਮਤਾਂ ਵਿਚ 5% ਅਤੇ 4% ਦਾ ਵਾਧਾ ਹੋਇਆ ਹੈ। ਪਾਮ ਆਇਲ ਤੋਂ ਇਲਾਵਾ ਬਾਕੀ ਸਾਰੇ ਪ੍ਰਮੁੱਖ ਖਾਣ ਵਾਲੇ ਤੇਲ ਦੀਆਂ ਕੀਮਤਾਂ ਵਿਚ ਵੀ ਇਸ ਦੌਰਾਨ ਮਾਮੂਲੀ ਵਾਧਾ ਹੋਇਆ ਹੈ। ਦੂਜੇ ਪਾਸੇ ਆਲੂ, ਪਿਆਜ਼ ਅਤੇ ਟਮਾਟਰ ਦੀਆਂ ਔਸਤ ਪ੍ਰਚੂਨ ਕੀਮਤਾਂ ਵਿਚ ਗਿਰਾਵਟ ਦਰਜ ਕੀਤੀ ਗਈ ਹੈ।
ਕੇਂਦਰੀ ਖੁਰਾਕ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਪੀਯੂਸ਼ ਗੋਇਲ ਨੇ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਕਿਹਾ, "ਹਾਲ ਦੇ ਮਹੀਨਿਆਂ ਵਿਚ ਦੇਸ਼ ਵਿਚ ਕਣਕ ਅਤੇ ਦਾਲਾਂ ਵਰਗੀਆਂ ਜ਼ਰੂਰੀ ਵਸਤਾਂ ਦੀਆਂ ਔਸਤ ਪ੍ਰਚੂਨ ਕੀਮਤਾਂ ਵਿਚ ਕੋਈ ਤੇਜ਼ ਅਤੇ ਨਿਰੰਤਰ ਵਾਧਾ ਨਹੀਂ ਹੋਇਆ ਹੈ।" 6 ਦਸੰਬਰ ਨੂੰ ਕਣਕ ਦੀ ਔਸਤ ਪ੍ਰਚੂਨ ਕੀਮਤ ਇਕ ਮਹੀਨਾ ਪਹਿਲਾਂ 30.50 ਰੁਪਏ ਦੇ ਮੁਕਾਬਲੇ 31.90 ਰੁਪਏ ਪ੍ਰਤੀ ਕਿਲੋ ਹੋ ਗਈ ਹੈ।
ਸਰਕਾਰ ਨੇ ਆਟੇ ਦੀ ਔਸਤ ਪ੍ਰਚੂਨ ਕੀਮਤ ਬਾਰੇ ਜਾਣਕਾਰੀ ਨਹੀਂ ਦਿੱਤੀ। ਪਰ ਸਰਕਾਰ ਦੀ ਕੀਮਤ ਨਿਗਰਾਨੀ ਪ੍ਰਣਾਲੀ ਦੇ ਵੇਰਵਿਆਂ ਤੋਂ ਪਤਾ ਲੱਗਦਾ ਹੈ ਕਿ ਇਕ ਮਹੀਨਾ ਪਹਿਲਾਂ ਆਟੇ ਦੀ ਕੀਮਤ 35.20 ਰੁਪਏ ਤੋਂ 6% ਵਧ ਕੇ 37.40 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਦਾਲਾਂ 'ਚ ਪਿਛਲੇ ਇਕ ਮਹੀਨੇ 'ਚ ਛੋਲੇ ਦੀ ਦਾਲ ਦੀ ਕੀਮਤ 'ਚ 2 ਫੀਸਦੀ ਦਾ ਵਾਧਾ ਹੋਇਆ ਹੈ। ਇਕ ਮਹੀਨਾ ਪਹਿਲਾਂ ਛੋਲੇ ਦੀ ਦਾਲ ਦੀ ਔਸਤ ਕੀਮਤ 110.90 ਰੁਪਏ ਪ੍ਰਤੀ ਕਿਲੋ ਸੀ। ਮੰਗਲਵਾਰ ਨੂੰ ਇਹ 112.80 ਰੁਪਏ ਪ੍ਰਤੀ ਕਿਲੋ ਵਿਕਿਆ। ਹੋਰ ਦਾਲਾਂ ਦੀਆਂ ਕੀਮਤਾਂ ਲਗਭਗ ਸਥਿਰ ਰਹੀਆਂ।
ਦੇਸ਼ ਦੇ ਜ਼ਿਆਦਾਤਰ ਖੇਤਰਾਂ 'ਚ ਇਸ ਸਮੇਂ ਕਣਕ ਦੀ ਕੀਮਤ ਘੱਟੋ-ਘੱਟ ਸਮਰਥਨ ਮੁੱਲ ਤੋਂ 30-40 ਫੀਸਦੀ ਵੱਧ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਮੌਜੂਦਾ ਕੀਮਤ ਲਗਭਗ ਰਿਕਾਰਡ ਉੱਚ ਪੱਧਰ 'ਤੇ ਹੈ। ਪਿਛਲੇ 4 ਮਹੀਨਿਆਂ 'ਚ ਪ੍ਰਚੂਨ 'ਚ ਕੀਮਤਾਂ ਹੌਲੀ-ਹੌਲੀ ਵਧ ਕੇ 32 ਰੁਪਏ ਪ੍ਰਤੀ ਕਿਲੋ ਹੋ ਗਈਆਂ ਹਨ।