ਹਿਮਾਚਲ ਦਾ ਮੁੱਖ ਮੰਤਰੀ ਕੌਣ ਹੋਵੇਗਾ ਇਸ ਦਾ ਸਿੱਧਾ ਫ਼ੈਸਲਾ ਦਿੱਲੀ ਤੋਂ ਲਿਆ ਜਾਵੇਗਾ।
ਨਵੀਂ ਦਿੱਲੀ - ਕਾਂਗਰਸ ਪਾਰਟੀ ਹਿਮਾਚਲ ਪ੍ਰਦੇਸ਼ ਵਿੱਚ ਆਪਣੇ ਮੁੱਖ ਮੰਤਰੀ ਦਾ ਚਿਹਰਾ ਤੈਅ ਨਹੀਂ ਕਰ ਸਕੀ। ਸ਼ੁੱਕਰਵਾਰ ਨੂੰ ਕਰੀਬ ਡੇਢ ਘੰਟੇ ਤੱਕ ਚੱਲੀ 40 ਵਿਧਾਇਕਾਂ ਅਤੇ ਕੇਂਦਰੀ ਅਬਜ਼ਰਵਰਾਂ ਵਿਚਾਲੇ ਹੋਈ ਬੈਠਕ 'ਚ ਅੰਤਿਮ ਫ਼ੈਸਲਾ ਪਾਰਟੀ ਹਾਈਕਮਾਂਡ 'ਤੇ ਛੱਡ ਦਿੱਤਾ ਗਿਆ। ਹਿਮਾਚਲ ਦਾ ਮੁੱਖ ਮੰਤਰੀ ਕੌਣ ਹੋਵੇਗਾ ਇਸ ਦਾ ਸਿੱਧਾ ਫ਼ੈਸਲਾ ਦਿੱਲੀ ਤੋਂ ਲਿਆ ਜਾਵੇਗਾ।
ਡੇਢ ਘੰਟੇ ਤੱਕ ਚੱਲੀ ਇਸ ਮੀਟਿੰਗ ਵਿਚ ਛੇ ਚਿਹਰੇ ਵਿਚਾਰੇ ਗਏ। ਇਨ੍ਹਾਂ ਵਿਚ ਸੂਬਾ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੀ ਪਤਨੀ ਪ੍ਰਤਿਭਾ ਸਿੰਘ, ਸੁਖਵਿੰਦਰ ਸੁੱਖੂ, ਮੁਕੇਸ਼ ਅਗਨੀਹੋਤਰੀ, ਚੰਦਰ ਕੁਮਾਰ, ਹਰਸ਼ਵਰਧਨ ਚੌਹਾਨ ਅਤੇ ਧਨੀਰਾਮ ਸ਼ਾਂਡਿਲ ਸ਼ਾਮਲ ਹਨ ਪਰ ਕਿਸੇ ਇੱਕ ਨਾਂ 'ਤੇ ਸਹਿਮਤੀ ਨਹੀਂ ਬਣ ਸਕੀ। ਹਾਲਾਂਕਿ ਸਭ ਤੋਂ ਵੱਡਾ ਪੇਚ ਪ੍ਰਤਿਭਾ ਸਿੰਘ ਅਤੇ ਸੁਖਵਿੰਦਰ ਸੁੱਖੂ ਦੇ ਨਾਵਾਂ 'ਤੇ ਹੀ ਫਸ ਰਿਹਾ ਹੈ।
ਮੁੱਖ ਮੰਤਰੀ ਦੀ ਕੁਰਸੀ ਨੂੰ ਲੈ ਕੇ ਕਾਂਗਰਸ 'ਚ ਹੰਗਾਮਾ ਮਚਿਆ ਹੋਇਆ ਹੈ। 3 ਵਜੇ ਹੋਣ ਵਾਲੀ ਵਿਧਾਇਕਾਂ ਦੀ ਮੀਟਿੰਗ 5 ਘੰਟੇ ਬਾਅਦ ਸ਼ੁਰੂ ਹੋਈ। ਕਾਂਗਰਸ ਇੰਚਾਰਜ ਰਾਜੀਵ ਸ਼ੁਕਲਾ, ਅਬਜ਼ਰਵਰ ਭੁਪੇਸ਼ ਬਘੇਲ ਅਤੇ ਭੂਪੇਂਦਰ ਹੁੱਡਾ ਨੇ 6 ਵਜੇ ਫਿਰ ਮੀਟਿੰਗ ਬੁਲਾਈ ਪਰ ਇਹ ਵੀ ਸਾਢੇ ਸੱਤ ਵਜੇ ਸ਼ੁਰੂ ਹੋਈ।