
ਹੁਣ ਤੱਕ ਦੀ ਸਭ ਤੋਂ ਵੱਧ ਨਕਦੀ ਜ਼ਬਤ
Bhuvneshwar News: ਆਮਦਨ ਟੈਕਸ ਵਿਭਾਗ ਵਲੋਂ ਓਡੀਸ਼ਾ ਸਥਿਤ ਸ਼ਰਾਬ ਕੰਪਨੀਆਂ ਦੇ ਇਕ ਸਮੂਹ ਅਤੇ ਉਨ੍ਹਾਂ ਨਾਲ ਜੁੜੀਆਂ ਇਕਾਈਆਂ ’ਤੇ ਛਾਪੇਮਾਰੀ ਤੋਂ ਬਾਅਦ ਬਰਾਮਦ ਕੀਤੀ ਗਈ ‘ਬੇਹਿਸਾਬੀ ਨਕਦੀ’ ਦੀ ਕੀਮਤ 290 ਕਰੋੜ ਰੁਪਏ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਇਹ ਏਜੰਸੀ ਦੀ ਕਿਸੇ ਇਕ ਮੁਹਿੰਮ ’ਚ ਬਰਾਮਦ ਹੋਇਆ ‘ਸਭ ਤੋਂ ਵੱਧ’ ਕਾਲਾ ਧਨ ਹੋਵੇਗਾ।
ਅਧਿਕਾਰੀਆਂ ਨੇ ਦਸਿਆ ਕਿ ਬੌਧ ਡਿਸਟਿਲਰੀ ਪ੍ਰਾਈਵੇਟ ਲਿਮਟਿਡ ਅਤੇ ਹੋਰਾਂ ਵਿਰੁਧ ਛਾਪੇਮਾਰੀ ਤੋਂ ਬਾਅਦ 6 ਦਸੰਬਰ ਨੂੰ ਕਾਰਵਾਈ ਸ਼ੁਰੂ ਹੋਣ ਮਗਰੋਂ ਇਨਕਮ ਟੈਕਸ ਵਿਭਾਗ ਨੇ ਨੋਟਾਂ ਦੀ ਗਿਣਤੀ ਲਈ ਲਗਭਗ 40 ਵੱਡੀਆਂ ਅਤੇ ਛੋਟੀਆਂ ਮਸ਼ੀਨਾਂ ਤਾਇਨਾਤ ਕੀਤੀਆਂ ਹਨ ਅਤੇ ਵਿਭਾਗ ਤੋਂ ਹੋਰ ਸਟਾਫ ਤਾਇਨਾਤ ਕੀਤਾ ਗਿਆ ਹੈ ਅਤੇ ਗਿਣਤੀ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਬੈਂਕ ਨੂੰ ਲਿਆਂਦਾ ਗਿਆ ਹੈ।
ਇਨ੍ਹਾਂ ਤੋਂ ਇਲਾਵਾ ਵਿਭਾਗ ਨੇ ਜ਼ਬਤ ਕੀਤੀ ਗਈ ਨਕਦੀ ਨੂੰ ਸਰਕਾਰੀ ਬੈਂਕਾਂ ਤਕ ਪਹੁੰਚਾਉਣ ਲਈ ਹੋਰ ਗੱਡੀਆਂ ਦੀ ਮੰਗ ਕੀਤੀ ਹੈ। ਸੂਤਰਾਂ ਨੇ ਦਸਿਆ ਕਿ ਕਾਂਗਰਸ ਨੇਤਾ ਅਤੇ ਝਾਰਖੰਡ ਤੋਂ ਰਾਜ ਸਭਾ ਮੈਂਬਰ ਧੀਰਜ ਪ੍ਰਸਾਦ ਸਾਹੂ ਨਾਲ ਜੁੜੇ ਟਿਕਾਣਿਆਂ ’ਤੇ ਵੀ ਛਾਪਾ ਮਾਰਿਆ ਗਿਆ। ਸੰਸਦ ਮੈਂਬਰ ਦਾ ਜਵਾਬ ਲੈਣ ਦੀ ਕੋਸ਼ਿਸ਼ ਕੀਤੀ ਗਈ ਅਤੇ ਪੀ.ਟੀ.ਆਈ. ਨੇ ਸ਼ਰਾਬ ਬਣਾਉਣ ਵਾਲੀਆਂ ਕੰਪਨੀਆਂ ਦੇ ਸਮੂਹ ਨੂੰ ਈ-ਮੇਲ ਭੇਜੀ ਪਰ ਕੋਈ ਜਵਾਬ ਨਹੀਂ ਮਿਲਿਆ। ਸੂਤਰਾਂ ਨੇ ਕਿਹਾ ਕਿ ਟੈਕਸ ਅਧਿਕਾਰੀ ਹੁਣ ਕੰਪਨੀ ਦੇ ਵੱਖ-ਵੱਖ ਅਧਿਕਾਰੀਆਂ ਅਤੇ ਇਸ ਨਾਲ ਜੁੜੇ ਹੋਰ ਵਿਅਕਤੀਆਂ ਦੇ ਬਿਆਨ ਦਰਜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨਕਦੀ ਦੀ ਗਿਣਤੀ ਸ਼ਨਿਚਰਵਾਰ ਤਕ ਪੂਰੀ ਹੋਣ ਦੀ ਸੰਭਾਵਨਾ ਹੈ।
ਅਧਿਕਾਰੀਆਂ ਨੇ ਦਸਿਆ ਕਿ ਜ਼ਬਤ ਕੀਤੀ ਗਈ ਕੁਲ ਬੇਹਿਸਾਬੀ ਨਕਦੀ ਲਗਭਗ 290 ਕਰੋੜ ਰੁਪਏ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਹੁਣ ਤਕ 250 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਜ਼ਬਤ ਕੀਤੀ ਗਈ ਹੈ ਅਤੇ ਓਡੀਸ਼ਾ ’ਚ ਜਨਤਕ ਖੇਤਰ ਦੀਆਂ ਬੈਂਕ ਬ੍ਰਾਂਚਾਂ ’ਚ ਲਗਾਤਾਰ ਨਕਦੀ ਜਮ੍ਹਾਂ ਕੀਤੀ ਜਾ ਰਹੀ ਹੈ। ਇਨ੍ਹਾਂ ’ਚੋਂ ਜ਼ਿਆਦਾਤਰ ਨੋਟ 500 ਰੁਪਏ ਦੇ ਹਨ। ਸੂਤਰਾਂ ਨੇ ਦਸਿਆ ਕਿ ਦੇਸ਼ ਵਿਚ ਕਿਸੇ ਵੀ ਏਜੰਸੀ ਵਲੋਂ ਇਸ ਨਾਲ ਜੁੜੇ ਸਮੂਹ ਅਤੇ ਇਕਾਈਆਂ ’ਤੇ ਕਾਰਵਾਈ ਦੇ ਹਿੱਸੇ ਵਜੋਂ ਕੀਤੀ ਗਈ ਕਾਰਵਾਈ ਦੇ ਨਾਲ ਇਹ ਹੁਣ ਤਕ ਦੀ ਸਭ ਤੋਂ ਵੱਡੀ ਨਕਦੀ ਜ਼ਬਤ ਹੈ। ਉਨ੍ਹਾਂ ਦਸਿਆ ਕਿ ਬੋਲਾਂਗੀਰ ਜ਼ਿਲ੍ਹੇ ’ਚ ਕੰਪਨੀ ’ਚ ਰੱਖੀਆਂ 8-10 ਅਲਮਾਰੀਆਂ ’ਚੋਂ ਕਰੀਬ 230 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ ਗਈ, ਜਦਕਿ ਬਾਕੀ ਟਿਟਲਾਗੜ੍ਹ, ਸੰਬਲਪੁਰ ਅਤੇ ਰਾਂਚੀ ’ਚ ਸਥਿਤ ਇਮਾਰਤਾਂ ਤੋਂ ਜ਼ਬਤ ਕੀਤੀ ਗਈ।
ਟੈਕਸ ਅਧਿਕਾਰੀਆਂ ਨੂੰ ਸ਼ਰਾਬ ਡਿਸਟ੍ਰੀਬਿਊਟਰਾਂ, ਵਿਕਰੀਕਰਤਾਵਾਂ ਅਤੇ ਕਾਰੋਬਾਰੀ ਸਮੂਹਾਂ ਵਲੋਂ ਭਾਰੀ ਮਾਤਰਾ ’ਚ ਗੈਰ-ਕਾਨੂੰਨੀ ਵਿਕਰੀ ਕੀਤੇ ਜਾਣ ਅਤੇ ਨਕਦੀ ਭੇਜੇ ਜਾਣ ਦੀ ‘ਕਾਰਵਾਈ ਯੋਗ ਖੁਫੀਆ ਜਾਣਕਾਰੀ’ ਮਿਲਣ ਤੋਂ ਬਾਅਦ ਛਾਪੇਮਾਰੀਆਂ ਕੀਤੀਆਂ ਗਈਆਂ। ਓਡੀਸ਼ਾ ’ਚ ਸੱਤਾਧਾਰੀ ਬੀਜੂ ਜਨਤਾ ਦਲ (ਬੀ.ਜੇ.ਡੀ.) ਨੇ ਇਕ ਬਿਆਨ ’ਚ ਛਾਪੇਮਾਰੀ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ, ‘‘ਝਾਰਖੰਡ ਦੇ ਭਾਜਪਾ ਨੇਤਾ ਕਹਿ ਰਹੇ ਹਨ ਕਿ ਜ਼ਬਤ ਕੀਤੀ ਗਈ ਰਕਮ ਕਾਂਗਰਸ ਆਗੂਆਂ ਦੀ ਹੈ। ਦੂਜੇ ਪਾਸੇ ਕਾਂਗਰਸ ਆਗੂ ਕਹਿ ਰਹੇ ਹਨ ਕਿ ਇਹ ਭਾਜਪਾ ਆਗੂਆਂ ਦੀ ਹੈ। ਦੋਵੇਂ ਇਕ-ਦੂਜੇ ’ਤੇ ਦੋਸ਼ ਲਗਾ ਰਹੇ ਹਨ। ਅਜਿਹਾ ਲਗਦਾ ਹੈ ਜਿਵੇਂ ਭਾਜਪਾ ਅਤੇ ਕਾਂਗਰਸ ਦੋਹਾਂ ਪਾਰਟੀਆਂ ਦੇ ਨੇਤਾਵਾਂ ਨੇ ਇਸ ਕਾਰੋਬਾਰੀ ਨਾਲ ਅਪਣਾ ਪੈਸਾ ਲੁਕਾਇਆ ਹੋਵੇ।’’
ਕੇਂਦਰੀ ਮੰਤਰੀ ਨੇ ਬਰਾਮਦ ਨੋਟਾਂ ਦੇ ਸਰੋਤ ਨੂੰ ਜਾਣਨਾ ਚਾਹਿਆ:
ਆਮਦਨ ਟੈਕਸ ਵਿਭਾਗ ਵਲੋਂ ਓਡੀਸ਼ਾ ’ਚ ਸ਼ਰਾਬ ਬਣਾਉਣ ਵਾਲੀਆਂ ਕੰਪਨੀਆਂ ’ਤੇ ਛਾਪੇਮਾਰੀ ਦੌਰਾਨ ਭਾਰੀ ਨਕਦੀ ਬਰਾਮਦ ਕਰਨ ਮਗਰੋਂ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਸ਼ਰਾਬ ਵਪਾਰੀਆਂ ਤੋਂ ਜ਼ਬਤ ਕੀਤੀ ਗਈ ਬੇਨਾਮੀ ਜਾਇਦਾਦ ਦੇ ਸਰੋਤ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ। ਪ੍ਰਧਾਨ ਨੇ ਕਿਹਾ ਕਿ ਇਹ ਚਿੰਤਾ ਦਾ ਵਿਸ਼ਾ ਹੈ ਕਿ ਇੰਨੀ ਵੱਡੀ ਮਾਤਰਾ ’ਚ ਬੇਹਿਸਾਬ ਧਨ ਬਰਾਮਦ ਕੀਤਾ ਗਿਆ ਹੈ।
ਉਨ੍ਹਾਂ ਨੇ ਐਕਸ ’ਤੇ ਪੋਸਟ ਕੀਤਾ, ‘‘ਓਡੀਸ਼ਾ, ਪਛਮੀ ਬੰਗਾਲ ਅਤੇ ਝਾਰਖੰਡ ਦੇ ਕੁਝ ਲੋਕ ਇਨ੍ਹਾਂ ਫੰਡਾਂ ਨਾਲ ਜੁੜੇ ਹੋਏ ਦੱਸੇ ਜਾ ਰਹੇ ਹਨ। ਇਸ ਬੇਨਾਮੀ ਜਾਇਦਾਦ ਦਾ ਸਰੋਤ ਕਿੱਥੇ ਹੈ? ਇਸ ਮਾਮਲੇ ਦੀ ਸੱਚਾਈ ਕੀ ਹੈ? ਕੀ ਓਡੀਸ਼ਾ ਦੇ ਕੁਝ ਲੋਕਾਂ ਦਾ ਜ਼ਬਤ ਕੀਤੇ ਪੈਸੇ ਨਾਲ ਕੋਈ ਸਬੰਧ ਹੈ?’’ ਉਨ੍ਹਾਂ ਨੇ ਇਮਾਨਦਾਰੀ ਦਾ ਢੋਲ ਵਜਾਉਣ ਵਾਲੇ ਕੁਝ ਲੋਕਾਂ ਦੀ ਚੁੱਪੀ ’ਤੇ ਵੀ ਸਵਾਲ ਚੁੱਕੇ। ਭਾਜਪਾ ਦੇ ਸੀਨੀਅਰ ਨੇਤਾ ਨੇ ਕਿਹਾ, ‘‘ਨੈਤਿਕਤਾ ਦੀ ਗੱਲ ਕਰਨ ਵਾਲੀਆਂ ਕੁਝ ਸਿਆਸੀ ਪਾਰਟੀਆਂ ਦੇ ਨੇਤਾ ਇਸ ਘਟਨਾ ’ਤੇ ਚੁੱਪ ਹਨ, ਜਿਸ ਨਾਲ ਆਮ ਲੋਕਾਂ ਦੇ ਮਨਾਂ ’ਚ ਸ਼ੱਕ ਪੈਦਾ ਹੋ ਰਿਹਾ ਹੈ।’’
(For more news apart from Black money found in Odisha, stay tuned to Rozana Spokesman)