ਤ੍ਰਿਣਮੂਲ ਸੰਸਦ ਮੈਂਬਰਾਂ ਨੇ ਸੰਸਦ ’ਚ ਕੀਤਾ ਚੁੱਪ ਰੋਸ ਪ੍ਰਦਰਸ਼ਨ
ਨਵੀਂ ਦਿੱਲੀ: ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਮੰਗਲਵਾਰ ਨੂੰ ‘ਵੰਦੇ ਮਾਤਰਮ’ ਉਤੇ ਚਰਚਾ ਦੌਰਾਨ ਭਾਰਤੀ ਜਨਤਾ ਪਾਰਟੀ (ਭਾਜਪਾ) ਵਲੋਂ ਬੰਗਾਲ ਦੇ ਨਾਇਕਾਂ ਦਾ ਅਪਮਾਨ ਕਰਨ ਦੇ ਵਿਰੋਧ ’ਚ ਸੰਸਦ ਦੇ ਕੇਂਦਰੀ ਹਾਲ ’ਚ ਚੁੱਪ ਪ੍ਰਦਰਸ਼ਨ ਕੀਤਾ। ਬੰਗਾਲ ਦੇ ਨਾਇਕਾਂ ਗੁਰੂਦੇਵ ਰਬਿੰਦਰਨਾਥ ਟੈਗੋਰ ਅਤੇ ਬੰਕਿਮ ਚੰਦਰ ਚੈਟਰਜੀ ਦੀਆਂ ਤਸਵੀਰਾਂ ਫੜ ਕੇ ਸੰਸਦ ਮੈਂਬਰਾਂ ਨੇ ਕੇਂਦਰੀ ਹਾਲ ਵਿਚ ਬੈਠ ਕੇ ਅਤੇ ਬਾਅਦ ਵਿਚ ਸੰਵਿਧਾਨ ਸਭਾ ਦੇ ਗੇਟ ਉਤੇ ਖੜ੍ਹੇ ਹੋ ਕੇ ‘ਚੁੱਪ ਵਿਰੋਧ ਪ੍ਰਦਰਸ਼ਨ’ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸ਼ੁਰੂ ਕੀਤੀ ਗਈ ‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ਉਤੇ ਲੋਕ ਸਭਾ ’ਚ ਚਰਚਾ ਤੋਂ ਇਕ ਦਿਨ ਬਾਅਦ ਇਹ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਹੈ।
ਰਾਜ ਸਭਾ ’ਚ ਤ੍ਰਿਣਮੂਲ ਦੀ ਉਪ ਨੇਤਾ ਸਾਗਰਿਕਾ ਘੋਸ਼ ਨੇ ਦੋਸ਼ ਲਾਇਆ, ‘‘ਕੱਲ੍ਹ ‘ਵੰਦੇ ਮਾਤਰਮ’ ਉਤੇ ਹੋਈ ਬਹਿਸ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਗਾਲ ਦੇ ਸਾਹਿਤਕਾਰ ਬੰਕਿਮ ਚੰਦਰ ਚੈਟਰਜੀ ਅਤੇ ਸਾਡੇ ਮਹਾਨਾਇਕ ਰਬਿੰਦਰਨਾਥ ਟੈਗੋਰ ਦਾ ਅਪਮਾਨ ਕੀਤਾ। ਇਹ ਬੰਗਾਲ ਦੇ ਸਭਿਆਚਾਰ ਅਤੇ ਲੋਕਾਂ ਲਈ ਇਕ ਗੰਭੀਰ ਝਟਕਾ ਹੈ।’’ ਉਨ੍ਹਾਂ ਕਿਹਾ ਕਿ ਬੰਕਿਮ ਚੰਦਰ ਚੈਟਰਜੀ ਬੰਗਾਲ ਦੀ ਮਹਾਨ ਸ਼ਖਸੀਅਤ ਹਨ ਅਤੇ ਉਨ੍ਹਾਂ ਨੇ ‘ਆਨੰਦਮਠ’ ਦੀ ਰਚਨਾ ਕੀਤੀ ਜਿਸ ਤੋਂ ‘ਵੰਦੇ ਮਾਤਰਮ’ ਉਤਪੰਨ ਹੋਈ ਹੈ। ਘੋਸ਼ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਨਾਮ ਵੀ ਗਲਤ ਉਚਾਰਨ ਕੀਤਾ ਗਿਆ ਸੀ ਅਤੇ ਉਸ ਦੇ ਯੋਗਦਾਨ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਸੀ। ਤ੍ਰਿਣਮੂਲ ਦੇ ਸੰਸਦ ਮੈਂਬਰਾਂ ਨੇ ਬੰਗਾਲ ਦੇ ਸਭਿਆਚਾਰਕ ਨਾਇਕਾਂ ਦੇ ਅਪਮਾਨ ਲਈ ਪ੍ਰਧਾਨ ਮੰਤਰੀ ਮੋਦੀ ਤੋਂ ਮੁਆਫੀ ਮੰਗਣ ਦੀ ਮੰਗ ਕੀਤੀ।
ਜ਼ਿਕਰਯੋਗ ਹੈ ਕਿ ਟੀ.ਐਮ.ਸੀ. ਨੇ ਮੋਦੀ ਉਤੇ ਲੋਕ ਸਭਾ ਵਿਚ ‘ਵੰਦੇ ਮਾਤਰਮ’ ਉਤੇ ਬਹਿਸ ਦੌਰਾਨ ਚੈਟਰਜੀ ਨੂੰ ‘ਬੰਕਿਮ ਦਾ’ ਕਹਿ ਕੇ ਉਨ੍ਹਾਂ ਦਾ ਅਪਮਾਨ ਕਰਨ ਦਾ ਦੋਸ਼ ਲਾਇਆ ਸੀ। ਤ੍ਰਿਣਮੂਲ ਦੇ ਸੀਨੀਅਰ ਸੰਸਦ ਮੈਂਬਰ ਸੌਗਤਾ ਰਾਏ ਨੇ ਕਿਹਾ ਕਿ ਉਨ੍ਹਾਂ ਨੂੰ ‘ਬੰਕਿਮ ਬਾਬੂ’ ਕਿਹਾ ਜਾਣਾ ਚਾਹੀਦਾ ਹੈ। ਮੋਦੀ ਨੇ ਤੁਰਤ ਇਸ ਦਾ ਸਤਿਕਾਰ ਕੀਤਾ ਅਤੇ ਕਿਹਾ, ‘‘ਮੈਂ ਬੰਕਿਮ ਬਾਬੂ ਕਹਾਂਗਾ। ਤੁਹਾਡਾ ਧੰਨਵਾਦ, ਮੈਂ ਤੁਹਾਡੀਆਂ ਭਾਵਨਾਵਾਂ ਦਾ ਆਦਰ ਕਰਦਾ ਹਾਂ।’’
