
ਫ਼ੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਅਤਿਵਾਦ ਨੂੰ ਯੁੱਧ ਦਾ ਨਵਾਂ ਤਰੀਕਾ ਦਸਦਿਆਂ ਕਿਹਾ ਕਿ ਇਹ 'ਕਈ ਸਿਰਾਂ ਵਾਲੇ ਰਾਖ਼ਸ਼' ਵਾਂਗ ਪੈਰ ਪਸਾਰ ਰਿਹਾ ਹੈ........
ਨਵੀਂ ਦਿੱਲੀ : ਫ਼ੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਅਤਿਵਾਦ ਨੂੰ ਯੁੱਧ ਦਾ ਨਵਾਂ ਤਰੀਕਾ ਦਸਦਿਆਂ ਕਿਹਾ ਕਿ ਇਹ 'ਕਈ ਸਿਰਾਂ ਵਾਲੇ ਰਾਖ਼ਸ਼' ਵਾਂਗ ਪੈਰ ਪਸਾਰ ਰਿਹਾ ਹੈ ਅਤੇ ਇਹ ਤਦ ਤਕ ਮੌਜੂਦ ਰਹੇਗਾ ਜਦ ਤਕ ਦੇਸ਼ ਰਾਸ਼ਟਰ ਦੀ ਨੀਤੀ ਵਜੋਂ ਇਸ ਦੀ ਵਰਤੋਂ ਕਰਦੇ ਰਹਿਣਗੇ। 'ਰਾਇਸੀਨਾ ਡਾਇਲਾਗ' ਦੌਰਾਨ ਪੈਨਲ ਚਰਚਾ ਵਿਚ ਰਾਵਤ ਨੇ ਕਿਹਾ ਕਿ ਸੋਸ਼ਲ ਮੀਡੀਆ ਕੱਟੜਵਾਦ ਨੂੰ ਫੈਲਾਉਣ ਦਾ ਜ਼ਰੀਆ ਬਣ ਰਿਹਾ ਹੈ, ਇਸ ਲਈ ਇਸ ਨੂੰ ਕੰਟਰੋਲ ਕਰਨ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਸਮੇਤ ਭਾਰਤ ਵਿਚ ਵਖਰੀ ਤਰ੍ਹਾਂ ਦਾ ਕੱਟੜਵਾਦ ਵਿਖਾਈ ਦੇ ਰਿਹਾ ਹੈ। ਬਹੁਤ ਸਾਰੀਆਂ ਗ਼ਲਤ ਅਤੇ ਝੂਠੀਆਂ ਜਾਣਕਾਰੀਟਾਂ ਕਾਰਨ ਨੌਜਵਾਨਾਂ ਅੰਦਰ ਕਟੜਤਾ ਦੀ ਭਾਵਨਾ ਆ ਰਹੀ ਹੈ ਅਤੇ ਧਰਮ ਸਬੰਧੀ ਕਈ ਝੂਠੀਆਂ ਗੱਲਾਂ ਉਨ੍ਹਾਂ ਦੇ ਦਿਮਾਗ਼ ਵਿਚ ਭਰੀਆਂ ਜਾ ਰਹੀਆਂ ਹਨ। ਰਾਵਤ ਨੇ ਕਿਹਾ, 'ਇਸ ਲਈ ਤੁਸੀਂ ਵੱਧ ਤੋਂ ਵੱਧ ਪੜ੍ਹੇ-ਲਿਖੇ ਨੌਜਵਾਨਾਂ ਨੂੰ ਅਤਿਵਾਦ ਵਲ ਵਧਦਾ ਵੇਖ ਰਹੇ ਹੋ।'
ਉਨ੍ਹਾਂ ਪਾਕਿਸਤਾਨ ਦਾ ਨਾਮ ਲਏ ਬਿਨਾਂ ਕਿਹਾ ਕਿ ਦੇਸ਼ ਜਦ ਤਕ ਰਾਸ਼ਟਰ ਦੀ ਨੀਤੀ ਵਜੋਂ ਅਤਿਵਾਦ ਨੂੰ ਹੱਲਾਸ਼ੇਰੀ ਦਿੰਦੇ ਰਹਿਣਗੇ ਤਦ ਤਕ ਇਹ ਮੌਜੂਦ ਰਹੇਗਾ। ਉਨ੍ਹਾਂ ਕਿਹਾ ਕਿ ਅਤਿਵਾਦ ਜੰਗ ਦਾ ਨਵਾਂ ਤਰੀਕਾ ਬਣ ਰਿਹਾ ਹੈ। ਕਮਜ਼ੋਰ ਦੇਸ਼ ਦੂਜੇ ਦੇਸ਼ 'ਤੇ ਅਪਣੀਆਂ ਸ਼ਰਤਾਂ ਮੰਨਣ ਲਈ ਦਬਾਅ ਪਾਉਣ ਵਾਸਤੇ ਅਤਿਵਾਦੀਆਂ ਨੂੰ ਵਰਤਦਾ ਹੈ। (ਏਜੰਸੀ)