
ਯੂਥ ਕਾਂਗਰਸ ਨੂੰ ਆਪਣੀ ਸਰਕਾਰ ਵਲੋਂ ਪੂਰਾ ਸਮਰਥਨ ਦੇਣ ਦਾ ਭਰੋਸਾ
ਚੰਡੀਗੜ੍ਹ : 'ਸਾਡਾ ਨਾਹਰਾ, ਕੈਪਟਨ ਦੁਬਾਰਾ' ਦੇ ਨਾਹਰਿਆਂ ਦੀ ਗੂੰਜ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਉਹ ਉਦੋਂ ਤਕ ਸਿਆਸਤ ਨੂੰ ਅਲਵਿਦਾ ਨਹੀਂ ਕਹਿਣਗੇ, ਜਦੋਂ ਤਕ ਉਹ ਨੌਜਵਾਨਾਂ ਲਈ ਰੁਜ਼ਗਾਰ ਅਤੇ ਪ੍ਰਗਤੀਸ਼ੀਲ ਪੰਜਾਬ ਵਿਚ ਸਾਰਿਆਂ ਦੀ ਤਰੱਕੀ ਲਈ ਢੁਕਵੇਂ ਮੌਕੇ ਪੈਦਾ ਕੀਤੇ ਜਾਣ ਨੂੰ ਯਕੀਨੀ ਨਹੀਂ ਬਣਾ ਲੈਂਦੇ।
File Photo
ਅੱਜ ਇਥੇ ਕਾਂਗਰਸ ਭਵਨ ਵਿਖੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਸਮੇਤ ਨਵੇਂ ਚੁਣੇ ਅਹੁਦੇਦਾਰਾਂ ਦੇ ਅਹੁਦਾ ਸੰਭਾਲਣ ਮੌਕੇ ਯੂਥ ਕਾਂਗਰਸੀ ਮੈਂਬਰਾਂ ਅਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਉਹ ਸੂਬੇ ਦੀ ਇਸ ਦੀ ਤਰੱਕੀ ਤੇ ਵਿਕਾਸ ਲਈ ਇਸ ਨੂੰ ਅਪਣੀ ਅਗਵਾਈ ਦੇਣੀ ਜਾਰੀ ਰੱਖਣਗੇ।
File Photo
ਨੌਜਵਾਨਾਂ ਦੇ ਠਾਠਾਂ ਮਾਰਦੇ ਇਕੱਠ ਦੌਰਾਨ ਨਾਹਰਿਆਂ ਦੀ ਗੂੰਜ ਵਿਚ ਮੁੱਖ ਮੰਤਰੀ ਨੇ ਤਹੱਈਆ ਕਰਦਿਆਂ ਕਿਹਾ ਕਿ ਇਹ ਮੇਰਾ ਸੂਬਾ ਹੈ ਅਤੇ ਤੁਸੀਂ ਸਾਰੇ ਮੇਰੇ ਅਪਣੇ ਲੋਕ ਹੋ। ਮੈਂ ਤੁਹਾਡੀ ਖਾਤਰ ਸਦਾ ਇਥੇ ਹੀ ਰਹਾਂਗਾ ਅਤੇ ਤਦ ਤਕ ਕਿਤੇ ਨਹੀਂ ਜਾਵਾਂਗਾ, ਜਦੋਂ ਤਕ ਪੰਜਾਬ ਦੇ ਹਰੇਕ ਨਾਗਰਿਕ ਦੀ ਭਲਾਈ ਨੂੰ ਯਕੀਨੀ ਨਹੀਂ ਬਣਾ ਲੈਂਦਾ। ਬਹੁਤੇ ਨੌਜਵਾਨ ਤਾਂ ਇਹ ਮੰਗ ਕਰਦੇ ਵੀ ਸੁਣੇ ਗਏ ਕਿ ਉਨ੍ਹਾਂ (ਕੈਪਟਨ ਅਮਰਿੰਦਰ ਸਿੰਘ) ਨੂੰ ਹੋਰ ਕਈ ਵਾਰ ਸੂਬੇ ਦੀ ਵਾਗਡੋਰ ਸੰਭਾਲਦੇ ਰਹਿਣਾ ਚਾਹੀਦਾ ਹੈ।ਕੈਪਟਨ ਅਮਰਿੰਦਰ ਸਿੰਘ ਨੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਭਰੋਸਾ ਦਿਤਾ ਕਿ ਸੂਬੇ ਦੇ ਸਰਬਪੱਖੀ ਵਿਕਾਸ ਲਈ ਉਨ੍ਹਾਂ ਦੀ ਸਰਕਾਰ ਪੂਰਾ ਸਮਰਥਨ ਦੇਵੇਗੀ।
File Photo
ਉਨ੍ਹਾਂ ਨੇ ਨੌਜਵਾਨ ਆਗੂਆਂ ਨਾਲ ਵਾਅਦਾ ਕੀਤਾ ਕਿ ਸੂਬੇ ਅਤੇ ਇਥੋਂ ਦੇ ਨੌਜਵਾਨਾਂ ਦੇ ਹਿੱਤ ਵਿਚ ਕਿਸੇ ਵੀ ਕੰਮ ਲਈ ਉਨ੍ਹਾਂ ਨੂੰ ਸਾਰੇ ਵਿਭਾਗਾਂ ਵਿਚ ਅਧਿਕਾਰੀਆਂ ਅਤੇ ਹੋਰਾਂ ਵਲੋਂ ਪੂਰਾ ਮਾਣ-ਸਤਿਕਾਰ ਦਿਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ, ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ, ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਏ.ਆਈ.ਸੀ.ਸੀ. ਦੇ ਸਕੱਤਰ ਤੇ ਯੂਥ ਕਾਂਗਰਸ ਦੇ ਇੰਚਾਰਜ ਕ੍ਰਿਸ਼ਨ ਅਲਾਵਰੂ, ਧੂਰੀ ਤੋਂ ਵਿਧਾਇਕ ਦਲਵੀਰ ਸਿੰਘ ਗੋਲਡੀ, ਚੱਬੇਵਾਲ ਤੋਂ ਵਿਧਾਇਕ ਰਾਜ ਕੁਮਾਰ ਚੱਬੇਵਾਲ, ਫਾਜ਼ਿਲਕਾ ਤੋਂ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਅਤੇ ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਹਾਜ਼ਰ ਸਨ।