ਭੱਟਾਕੁਫਰ ਅਤੇ ਚੌਲੰਤੀ ਵਿਚਕਾਰ ਸੜਕ ਨੂੰ ਚਾਰ ਮਾਰਗੀ ਬਣਾਉਣ ਲਈ ਸੁਰੰਗ ਬਣਾਉਣ ਚੱਟਾਨਾਂ 'ਚ ਕੀਤੇ ਧਮਾਕੇ ਕਾਰਨ ਉਨ੍ਹਾਂ ਦੀਆਂ ਇਮਾਰਤਾਂ ਵਿਚ ਤਰੇੜਾਂ ਪੈ ਗਈਆਂ
ਸ਼ਿਮਲਾ : ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਚੌਲੰਤੀ ਇਲਾਕੇ ’ਚ ਦੋ ਰਿਹਾਇਸ਼ੀ ਇਮਾਰਤਾਂ ਅਤੇ ਇਕ ਹੋਟਲ ’ਚ ਤਰੇੜਾਂ ਪੈਣ ਕਾਰਨ ਕੜਾਕੇ ਦੀ ਠੰਢ ਵਿਚਕਾਰ ਕਰੀਬ 15 ਪਰਵਾਰ ਰਾਤੋ-ਰਾਤ ਬੇਘਰ ਹੋ ਗਏ।
ਪੀੜਤ ਪਰਵਾਰਾਂ ਨੇ ਦੋਸ਼ ਲਾਇਆ ਕਿ ਭੱਟਾਕੁਫਰ ਅਤੇ ਚੌਲੰਤੀ ਵਿਚਕਾਰ ਸੜਕ ਨੂੰ ਚਾਰ ਮਾਰਗੀ ਬਣਾਉਣ ਲਈ ਸੁਰੰਗ ਬਣਾਉਣ ਚੱਟਾਨਾਂ ’ਚ ਕੀਤੇ ਧਮਾਕੇ ਕਾਰਨ ਉਨ੍ਹਾਂ ਦੀਆਂ ਇਮਾਰਤਾਂ ਵਿਚ ਤਰੇੜਾਂ ਪੈ ਗਈਆਂ। ਇਹ ਪ੍ਰਾਜੈਕਟ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਵਲੋਂ ਸ਼ੁਰੂ ਕੀਤਾ ਗਿਆ ਹੈ ਅਤੇ ਇਕ ਨਿੱਜੀ ਕੰਪਨੀ ਵਲੋਂ ਚਲਾਇਆ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਕਈ ਸ਼ਿਕਾਇਤਾਂ ਕੀਤੀਆਂ ਗਈਆਂ ਸਨ, ਪਰ ਕੋਈ ਧਿਆਨ ਨਹੀਂ ਦਿਤਾ ਗਿਆ ਅਤੇ ਹੁਣ ਧਮਾਕੇ ਕਾਰਨ ਉਨ੍ਹਾਂ ਦੇ ਘਰ ਖ਼ਤਰੇ ਵਿਚ ਹਨ। ਪ੍ਰਭਾਵਤ ਪਰਵਾਰਾਂ ਨੇ ਸੁਰੰਗ ਨਿਰਮਾਣ ਕੰਪਨੀ ਉਤੇ ਬਦਸਲੂਕੀ ਦਾ ਦੋਸ਼ ਵੀ ਲਾਇਆ।
ਇਕ ਪੀੜਤ ਪੂਜਾ ਨੇ ਕਿਹਾ, ‘‘ਲਗਭਗ ਤਿੰਨ ਦਿਨ ਪਹਿਲਾਂ ਕੰਧਾਂ ਵਿਚ ਮਾਮੂਲੀ ਤਰੇੜਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ, ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਨਿਰਮਾਣ ਕੰਪਨੀ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ ਸੀ, ਪਰ ਕੰਪਨੀ ਦੇ ਅਧਿਕਾਰੀਆਂ ਨੇ ਕਿਸੇ ਵੱਡੇ ਖ਼ਤਰੇ ਤੋਂ ਇਨਕਾਰ ਕੀਤਾ।’’ ਉਨ੍ਹਾਂ ਕਿਹਾ ਕਿ ਸ਼ੁਕਰਵਾਰ ਸ਼ਾਮ ਨੂੰ ਅਚਾਨਕ ਤਰੇੜਾਂ ਬਹੁਤ ਫੈਲ ਗਈਆਂ ਅਤੇ ਕੰਪਨੀ ਦੇ ਅਧਿਕਾਰੀਆਂ ਨੇ ਵਸਨੀਕਾਂ ਨੂੰ ਅਪਣੇ ਘਰ ਖਾਲੀ ਕਰਨ ਲਈ ਕਿਹਾ।
ਇਕ ਹੋਰ ਵਸਨੀਕ ਨੇ ਕਿਹਾ, ‘‘ਜਦੋਂ ਸਾਨੂੰ ਕਾਂਬਾ ਛਿੜ ਰਿਹਾ ਹੈ, ਅਤੇ ਹੁਣ ਘਰਾਂ ਵਿਚ ਤਰੇੜਾਂ ਪੈ ਗਈਆਂ ਹਨ ਤਾਂ ਧਮਾਕੇ ਕਰਨ ਦੀ ਕੀ ਜ਼ਰੂਰਤ ਹੈ। ਅਸੀਂ ਅਪਣੀ ਸਾਰੀ ਕਮਾਈ ਅਪਣੇ ਘਰ ਬਣਾਉਣ ਵਿਚ ਲਗਾ ਦਿਤੀ ਹੈ। ਅਸੀਂ ਹੁਣ ਕਿੱਥੇ ਜਾਵਾਂਗੇ?’’
ਚੌਲੰਤੀ ਖੇਤਰ ’ਚ ਤਿੰਨ ਇਮਾਰਤਾਂ ’ਚ ਤਰੇੜਾਂ ਪੈਣ ਤੋਂ ਬਾਅਦ ਦੋ ਇਮਾਰਤਾਂ ’ਚ ਰਹਿਣ ਵਾਲੇ 15 ਪਰਵਾਰਾਂ ਦੇ 40 ਤੋਂ ਵੱਧ ਲੋਕਾਂ ਅਤੇ ਇਕ ਹੋਟਲ ਦੇ ਸੈਲਾਨੀਆਂ ਅਤੇ ਕਰਮਚਾਰੀਆਂ ਨੇ ਸ਼ੁਕਰਵਾਰ ਰਾਤ ਨੂੰ ਅਪਣੀਆਂ ਇਮਾਰਤਾਂ ਖਾਲੀ ਕਰ ਦਿਤੀਆਂ। ਸ਼ਿਮਲਾ ਦੇ ਸਬ-ਡਵੀਜ਼ਨਲ ਮੈਜਿਸਟਰੇਟ (ਐਸ.ਡੀ.ਐਮ.) (ਦਿਹਾਤੀ) ਨੇ ਦਸਿਆ ਕਿ ਜ਼ਿਆਦਾਤਰ ਪਰਵਾਰਾਂ ਨੂੰ ਰਹਿਣ ਲਈ ਜਗ੍ਹਾ ਦਿਤੀ ਗਈ ਹੈ, ਜਦਕਿ ਕੁੱਝ ਨੇ ਅਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਘਰ ਜਾਣ ਦਾ ਫੈਸਲਾ ਕੀਤਾ ਹੈ।
NHAI ਅਤੇ ਸੁਰੰਗ ਨਿਰਮਾਣ ਕੰਪਨੀ ਵਿਰੁਧ ਲੋਕਾਂ ਵਿਚ ਵਿਆਪਕ ਗੁੱਸਾ ਹੈ ਅਤੇ ਸਥਾਨਕ ਲੋਕ ਸੁਰੰਗ ਦੇ ਕੰਮ ਨੂੰ ਰੋਕਣ ਉਤੇ ਅੜੇ ਹੋਏ ਹਨ। ਸੰਜੌਲੀ-ਧਾਲੀ ਬਾਈਪਾਸ ਉਤੇ ਗੱਡੀਆਂ ਦੀ ਆਵਾਜਾਈ ਰੋਕ ਦਿਤੀ ਗਈ ਹੈ ਕਿਉਂਕਿ ਸੜਕ ਉਤੇ ਵੀ ਤਰੇੜਾਂ ਪੈ ਗਈਆਂ ਹਨ।
ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਅਨਿਰੁਧ ਸਿੰਘ ਨੇ ਸਨਿਚਰਵਾਰ ਨੂੰ ਘਟਨਾ ਵਾਲੀ ਥਾਂ ਦਾ ਦੌਰਾ ਕਰਦਿਆਂ ਦਸਿਆ ਕਿ ਧਮਾਕੇ ਨੂੰ ਰੋਕਣ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ NHAI ਨੂੰ ਪ੍ਰਭਾਵਤ ਪਰਵਾਰਾਂ ਨੂੰ ਤੁਰਤ ਮੁਆਵਜ਼ਾ ਦੇਣ ਦੇ ਹੁਕਮ ਦਿਤੇ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੇ ਇਸ ਮਾਮਲੇ ਨੂੰ ਲੈ ਕੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਅਤੇ NHAI ਦੇ ਅਧਿਕਾਰੀਆਂ ਨਾਲ ਗੱਲ ਕੀਤੀ ਹੈ। ਜ਼ਿਕਰਯੋਗ ਹੈ ਕਿ 30 ਜੂਨ, 2025 ਨੂੰ ਵੀ ਭਟਕੁਫਰ ਵਿਚ ਇਕ ਪੰਜ ਮੰਜ਼ਿਲਾ ਇਮਾਰਤ ਢਹਿ ਗਈ ਸੀ, ਅਤੇ ਵਸਨੀਕਾਂ ਨੇ NHAI ਵਲੋਂ ਚਾਰ ਮਾਰਗੀ ਦੇ ਨਿਰਮਾਣ ਵਿਚ ਬੇਨਿਯਮੀਆਂ ਦਾ ਦੋਸ਼ ਲਗਾਇਆ ਸੀ।
