
ਸਰਕਾਰੀ ਦਸਤਾਵੇਜ਼ ਵਿਚ ਦੋਹਾਂ ਦੇ ਅਸਰ-ਰਸੂਖ਼ ਦਾ ਜ਼ਿਕਰ
ਸ੍ਰੀਨਗਰ : ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਜਨ ਸੁਰੱਖਿਆ ਕਾਨੂੰਨ (ਪੀਐਸਏ) ਤਹਿਤ ਹਿਰਾਸਤ ਵਿਚ ਲਏ ਜਾਣ ਦੇ ਹੱਕ ਵਿਚ ਜਿਨ੍ਹਾਂ ਗੱਲਾਂ ਦਾ ਜ਼ਿਕਰ ਕੀਤਾ ਗਿਆ ਹੈ, ਉਨ੍ਹਾਂ ਵਿਚ ਲੋਕਾਂ ਨੂੰ ਪ੍ਰਭਾਵਤ ਕਰਨ ਦੀ ਉਨ੍ਹਾਂ ਦੀ ਸਮਰੱਥਾ, ਚੋਣ ਬਾਈਕਾਟ ਦੇ ਸੱਦੇ ਦੇ ਬਾਵਜੂਦ ਮਤਦਾਨ ਕੇਂਦਰਾਂ ਤਕ ਵੋਟਰਾਂ ਨੂੰ ਖਿੱਚਣ ਦੀ ਸਮਰੱਥਾ ਅਤੇ ਕਿਸੇ ਵੀ ਕੰਮ ਸਬੰਧੀ ਲੋਕਾਂ ਦੀ ਊਰਜਾ ਨੂੰ ਉਸ ਦਿਸ਼ਾ ਵਿਚ ਮੋੜਨ ਦੀ ਤਾਕਤ ਰੱਖਣ ਜਿਹੀਆਂ ਗੱਲਾਂ ਸ਼ਾਮਲ ਹਨ।
File Photo
ਉਨ੍ਹਾਂ ਦੀ ਰਾਜਸੀ ਵਿਰੋਧੀ ਅਤੇ ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਦੀ ਆਗੂ ਮਹਿਬੂਬਾ ਮੁਫ਼ਤੀ ਦੇ ਪੀਐਸਏ ਡੋਜ਼ੀਅਰ ਵਿਚ ਦੇਸ਼ ਵਿਰੋਧੀ ਬਿਆਨ ਦੇਣ ਅਤੇ ਰਾਜ ਦੀਆਂ ਕੁੱਝ ਕੱਟੜ ਜਥੇਬੰਦੀਆਂ ਨੂੰ ਸਮਰਥਨ ਦੇਣ ਦਾ ਦੋਸ਼ ਹੈ।49 ਸਾਲਾ ਉਮਰ ਵਿਰੁਧ ਪੁਲਿਸ ਨੇ ਜਿਹੜਾ ਪੀਐਸਏ ਡੋਜ਼ੀਅਰ ਤਿਆਰ ਕੀਤਾ ਹੈ, ਉਸ ਵਿਚ ਅਤਿਵਾਦ ਦੇ ਸਿਖਰ 'ਤੇ ਰਹਿਣ ਦੌਰਾਨ ਅਤੇ ਵੱਖਵਾਦੀਆਂ ਅਤੇ ਅਤਿਵਾਦੀਆਂ ਦੁਆਰਾ ਚੋਣਾਂ ਦੇ ਬਾਈਕਾਟ ਦੇ ਬਾਵਜੂਦ ਭਾਰੀ ਗਿਣਤੀ ਵਿਚ ਵੋਟਰਾਂ ਨੂੰ ਮਤਦਾਨ ਕੇਂਦਰ ਲਈ ਪ੍ਰੇਰਿਤ ਕਰਨ ਦਾ ਜ਼ਿਕਰ ਹੈ।
File Photo
ਉਮਰ ਕੇਂਦਰ ਵਿਚ ਮੰਤਰੀ ਵੀ ਰਹਿ ਚੁੱਕੇ ਹਨ। ਸੂਬੇ ਵਿਚ ਧਾਰਾ 370 ਅਤੇ 35 ਏ ਨੂੰ ਹਟਾਉਣ ਵਿਰੁਧ ਲੋਕਾਂ ਨੂੰ ਭੜਕਾਉਣ ਦੇ ਯਤਨਾਂ ਨੂੰ ਉਮਰ ਨੂੰ ਹਿਰਾਸਤ ਵਿਚ ਰੱਖਣ ਦਾ ਆਧਾਰ ਬਣਾਇਆ ਗਿਆ ਹੈ। ਉਹ 2009-14 ਤਕ ਰਾਜ ਦੇ ਮੁੱਖ ਮੰਤਰੀ ਰਹੇ ਹਨ।ਪੁਲਿਸ ਨੇ ਨਾ ਤਾਂ ਡੋਜ਼ੀਅਰ ਵਿਚ ਅਤੇ ਨਾ ਹੀ ਉਨ੍ਹਾਂ ਦੀ ਨਜ਼ਰਬੰਦੀ ਦੇ ਆਧਾਰ 'ਤੇ ਉਸ ਦੀ ਕਿਸੇ ਸੋਸ਼ਲ ਮੀਡੀਆ ਪੋਸਟ ਦਾ ਜ਼ਿਕਰ ਕੀਤਾ ਹੈ।
File Photo
ਦੋਹਾਂ ਆਗੂਆਂ ਨੂੰ ਪਿਛਲੇ ਸਾਲ ਪੰਜ ਅਗੱਸਤ ਤੋਂ ਹਿਰਾਸਤ ਵਿਚ ਰਖਿਆ ਗਿਆ ਹੈ। ਦੋਹਾਂ ਦੀ ਹਿਰਾਸਤ ਦੀ ਮਿਆਦ ਖ਼ਤਮ ਹੋਣ ਦੇ ਮਹਿਜ਼ ਕੁੱਝ ਹੀ ਘੰਟੇ ਪਹਿਲਾਂ ਉਨ੍ਹਾਂ ਵਿਰੁਧ ਛੇ ਫ਼ਰਵਰੀ ਦੀ ਰਾਤ ਨੂੰ ਪੀਐਸਏ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਨਿਯਮਾਂ ਮੁਤਾਬਕ ਹਿਰਾਸਤ ਛੇ ਮਹੀਨਿਆਂ ਲਈ ਤਦ ਵਧਾਈ ਜਾ ਸਕਦੀ ਹੈ ਜਦ 180 ਦਿਨਾ ਦੀ ਮਿਆਦ ਪੂਰੀ ਹੋਣ ਦੇ ਦੋ ਹਫ਼ਤੇ ਪਹਿਲਾਂ ਕਾਇਮ ਕੋਈ ਸਲਾਹਕਾਰ ਬੋਰਡ ਇਸ ਬਾਰੇ ਸਿਫ਼ਾਰਸ਼ ਕਰੇ।