
ਸੂਬੇ 'ਚ ਹੋਣ ਵਾਲੀਆਂ ਸਥਾਨਕ ਚੋਣਾਂ 'ਚ ਹਿੱਸਾ ਨਹੀਂ ਲਵੇਗੀ ਨੈਸ਼ਨਲ ਕਾਨਫ਼ਰੰਸ
ਨਵੀਂ ਦਿੱਲੀ : ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫ਼ਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੂੰ ਮਿਲਣ ਲਈ ਪਾਰਟੀ ਦੇ 15 ਆਗੂ ਐਤਵਾਰ ਨੂੰ ਸ੍ਰੀਨਗਰ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਪੁੱਜੇ। ਦਰਅਸਲ ਪਾਰਟੀ ਨੇ ਵੀਰਵਾਰ ਨੂੰ ਰਾਜਪਾਲ ਸਤਪਾਲ ਮਲਿਕ ਤੋਂ ਨੈਸ਼ਨਲ ਕਾਨਫ਼ਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਅਤੇ ਉਪ ਪ੍ਰਧਾਨ ਉਮਰ ਅਬਦੁੱਲਾ ਨਾਲ ਮੁਲਾਕਾਤ ਦੀ ਇਜ਼ਾਜਤ ਮੰਗੀ ਸੀ। ਰਾਜਪਾਲ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਪਾਰਟੀ ਦੇ 15 ਆਗੂਆਂ ਦੇ ਵਫ਼ਦ ਨੇ ਜੰਮੂ ਤੋਂ ਸ੍ਰੀਨਗਰ ਪਹੁੰਚ ਕੇ ਫਾਰੂਕ ਨਾਲ ਮੁਲਾਕਾਤ ਕੀਤੀ।
National Conference delegation meets Farooq Abdullah at his residence
ਇਸ ਮੁਲਾਕਾਤ ਤੋਂ ਬਾਅਦ ਨੈਸ਼ਨਲ ਕਾਨਫ਼ਰੰਸ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਜੋ ਵਿਵਹਾਰ ਕਰ ਰਹੀ ਹੈ, ਉਹ ਲੋਕਤੰਤਰਿਕ ਨਹੀਂ ਹੈ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਨਾਲ ਮੁਲਾਕਾਤ ਤੋਂ ਬਾਅਦ ਸੂਬੇ 'ਚ ਹੋਣ ਵਾਲੀਆਂ ਸਥਾਨਕ ਚੋਣਾਂ 'ਚ ਹਿੱਸਾ ਨਾ ਲੈਣ ਦਾ ਫ਼ੈਸਲਾ ਕੀਤਾ ਗਿਆ ਹੈ। ਪਾਰਟੀ ਦੇ ਬੁਲਾਰੇ ਮਦਨ ਮੰਟੂ ਨੇ ਕਿਹਾ, "ਮੀਟਿੰਗ 'ਚ ਸਰਬਸੰਮਤੀ ਨਾਲ ਪਾਸ ਮਤੇ 'ਚ ਨੈਸ਼ਨਲ ਕਾਨਫ਼ਰੰਸ ਦੇ ਆਗੂਆਂ ਨੇ ਏਕਤਾ ਅਤੇ ਸਦਭਾਵਨਾ ਨੂੰ ਮਜ਼ਬੂਤ ਕਰਨ ਕੇ ਸ਼ੇਰ-ਏ-ਕਸ਼ਮੀਰ ਸ਼ੇਖ ਮੁਹੰਮਦ ਅਬਦੁੱਲਾ ਦੇ ਸੁਪਨੇ ਨੂੰ ਮਜ਼ਬੂਤ ਕਰਨ ਦਾ ਵਚਨ ਲਿਆ।"
Farooq Abdullah
ਜ਼ਿਕਰਯੋਗ ਹੈ ਕਿ ਸੂਬੇ 'ਚ ਧਾਰਾ 370 ਹਟਾਏ ਜਾਣ ਮਤਲਬ ਪਿਛਲੇ 2 ਮਹੀਨੇ ਤੋਂ 81 ਸਾਲਾ ਫਾਰੂਕ ਅਬਦੁੱਲਾ ਸ੍ਰੀਨਗਰ ਸਥਿਤ ਆਪਣੀ ਰਿਹਾਇਸ਼ 'ਚ ਨਜ਼ਰਬੰਦ ਹਨ। ਉਥੇ ਹੀ ਉਮਰ ਅਬਦੁੱਲਾ ਨੂੰ ਸਟੇਟ ਗੈਸਟ ਹਾਊਸ 'ਚ ਹਿਰਾਸਤ ਵਿਚ ਰੱਖਿਆ ਗਿਆ ਹੈ। ਅਜਿਹੇ 'ਚ ਪਾਰਟੀ ਆਗੂਆਂ ਦਾ 15 ਮੈਂਬਰੀ ਵਫ਼ਦ ਜੰਮੂ ਸੂਬੇ ਦੇ ਪਾਰਟੀ ਪ੍ਰਧਾਨ ਦਵਿੰਦਰ ਸਿੰਘ ਰਾਣਾ ਦੀ ਅਗਵਾਈ 'ਚ ਫਾਰੂਕ ਅਤੇ ਉਮਰ ਨੂੰ ਮਿਲਣ ਲਈ ਸ੍ਰੀਨਗਰ ਪੁੱਜਾ।
National Conference delegation meets Farooq Abdullah at his residence
ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦੀ ਮੁਖੀ ਮਹਿਬੂਬਾ ਮੁਫ਼ਤੀ ਅਤੇ ਜੰਮੂ-ਕਸ਼ਮੀਰ ਪੀਪਲਜ਼ ਕਾਨਫ਼ਰੰਸ ਦੇ ਚੇਅਰਮੈਨ ਸੱਜਾਦ ਲੋਨ ਸਮੇਤ ਜ਼ਿਆਦਾਤਰ ਸਿਆਸਤਦਾਨਾਂ ਨੂੰ ਹਿਰਾਸਤ 'ਚ ਲਿਆ ਹੋਇਆ ਹੈ ਤਾ ਕਿ ਧਾਰਾ 370 ਨੂੰ ਹਟਾਉਣ ਕਰ ਕੇ ਵਿਰੋਧ ਦਾ ਸਾਹਮਣਾ ਨਾ ਕਰਨਾ ਪਵੇ।