
ਗਾਜ਼ੀਪੁਰ ਬਾਰਡਰ ਪਹੁੰਚੇ ਬੱਬੂ ਮਾਨ ਦੀ ਬਾਲੀਵੁੱਡ ਨੂੰ ਚੁਣੌਤੀ
ਨਵੀਂ ਦਿੱਲੀ: ਖੇਤੀ ਕਾਨੂੰਨਾਂ ਵਿਰੁੱਧ ਰਾਜਧਾਨੀ ਦੇ ਵੱਖ-ਵੱਖ ਬਾਰਡਰਾਂ ‘ਤੇ ਜਾਰੀ ਕਿਸਾਨੀ ਮੋਰਚੇ ਨੂੰ ਲਗਾਤਾਰ ਸਮਰਥਨ ਮਿਲ ਰਿਹਾ ਹੈ। ਇਸ ਦੌਰਾਨ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਗਾਜ਼ੀਪੁਰ ਬਾਰਡਰ ‘ਤੇ ਪਹੁੰਚੇ। ਇਸ ਦੌਰਾਨ ਉਹਨਾਂ ਨੇ ਕਿਸਾਨ ਆਗੂ ਰਾਕੇਸ਼ ਟਿਕੈਤ ਨਾਲ ਮੁਲਾਕਾਤ ਕੀਤੀ। ਕਿਸਾਨ ਆਗੂ ਨੇ ਪੰਜਾਬੀ ਗਾਇਕ ਦਾ ਭਰਵਾਂ ਸਵਾਗਤ ਕੀਤਾ।
Babbu mann
ਸਟੇਜ ਤੋਂ ਬੋਲਦਿਆਂ ਬੱਬੂ ਮਾਨ ਨੇ ਕਿਹਾ ਕਿ ਅਜ਼ਾਦੀ ਤੋਂ ਬਾਅਦ ਅਜਿਹਾ ਸ਼ਾਇਦ ਪਹਿਲੀ ਵਾਰ ਹੋਇਆ ਕਿ ਅਸੀਂ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਗਲਵਕੜੀ ਪਾ ਕੇ ਬੈਠੇ ਹਾਂ। ਅੱਜ ਸਾਰੇ ਦੇਸ਼ ਦੇ ਕਿਸਾਨ ਇਕੱਠੇ ਹੋਏ ਹਨ ਤੇ ਕਈ ਮੀਡੀਆ ਚੈਨਲ ਇਸ ਅੰਦੋਲਨ ‘ਤੇ ਸਵਾਲ ਵੀ ਚੁੱਕ ਰਹੇ ਹਨ। ਉਹਨਾਂ ਕਿਹਾ ਅਸੀਂ ਸਾਰੇ ਇਕ ਹਾਂ ਤੇ ਕਿਸਾਨ ਅੰਦੋਲਨ ਨੇ ਸਾਰੇ ਦੇਸ਼ ਨੂੰ ਇਕ ਲੜੀ ਵਿਚ ਪਰੋ ਦਿੱਤਾ ਹੈ।
Farmer protest
ਬੱਬੂ ਮਾਨ ਨੇ ਬਾਲੀਵੁੱਡ ਨੂੰ ਜਵਾਬ ਦਿੰਦਿਆਂ ਕਿਹਾ ਕਿ ਕਿਸਾਨ ਆਗੂ ਸਰਕਾਰ ਨਾਲ ਬਹਿਸ ਕਰਨ ਲਈ ਹਰ ਵੇਲੇ ਤਿਆਰ ਹਨ। ਉਹਨਾਂ ਕਿਹਾ ਜਿਹੜੇ ਕਲਾਕਾਰ ਜਾਂ ਅਦਾਕਾਰ ਇਸ ਸੰਘਰਸ਼ ਦੇ ਖਿਲਾਫ਼ ਨੇ, ਮੈਂ ਉਹਨਾਂ ਨਾਲ ਬਹਿਸ ਕਰਨ ਲਈ ਤਿਆਰ ਹਾਂ। ਉਹ ਜਿੱਥੇ ਮਰਜੀ ਤੇ ਜਿਹੜੇ ਮਰਜ਼ੀ ਚੈਨਲ ‘ਤੇ ਮੇਰੇ ਨਾਲ ਬਹਿਸ ਕਰ ਸਕਦੇ ਹਨ।
Farmers Protest
ਉਹਨਾਂ ਕਿਹਾ ਕਿਸਾਨਾਂ ਦੇ ਵਿਰੋਧ ਕਰਨ ਵਾਲਿਆਂ ਨਾਲ ਸਾਨੂੰ ਕੋਈ ਸ਼ਿਕਵਾ ਨਹੀਂ ਹੈ ਪਰ ਜਦੋਂ ਬਾਲੀਵੁੱਡ ਵਾਲਿਆਂ ਦੀਆਂ ਫ਼ਿਲਮਾਂ ਆਉਣਗੀਆਂ ਤਾਂ ਉਹਨਾਂ ਦਾ ਹੀ ਨੁਕਸਾਨ ਹੋਵੇਗਾ। ਸਾਡੇ ਲੋਕ ਬਹੁਤ ਸ਼ਾਂਤਮਈ ਢੰਗ ਨਾਲ ਗੋਬੈਕ ਦਾ ਨਾਅਰਾ ਲਗਾ ਕੇ ਤੁਹਾਨੂੰ ਵਾਪਸ ਭੇਜਣਗੇ। ਬੱਬੂ ਮਾਨ ਨੇ ਕਿਸਾਨਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਜਦੋਂ ਤੱਕ ਅਸੀਂ ਚੁੱਪ ਹਾਂ ਉਦੋਂ ਤੱਕ ਸਾਡੀ ਜਿੱਤ ਹੈ, ਜਦੋਂ ਅਸੀਂ ਭੜਕਾਂਗੇ ਉਦੋਂ ਅਸੀਂ ਹਾਰਾਂਗੇ।
Babbu Mann
ਰਾਕੇਸ਼ ਟਿਕੈਤ ਬਾਰੇ ਗੱਲ ਕਰਦਿਆਂ ਬੱਬੂ ਮਾਨ ਨੇ ਕਿਹਾ ਕਿ ਰਾਕੇਸ਼ ਟਿਕੈਤ ਦਾ ਨਾਂਅ ਇਤਿਹਾਸ ਵਿਚ ਸੁਨਹਿਰੀ ਅੱਖਰਾਂ ‘ਚ ਲਿਖਿਆ ਜਾਵੇਗਾ। ਜਦੋਂ ਤੱਕ ਰਾਕੇਸ਼ ਟਿਕੈਤ ਦਾ ਸਾਥ ਹੈ ਉਦੋਂ ਤੱਕ ਕਿਸੇ ਨਾਲ ਵੀ ਧੱਕਾ ਨਹੀਂ ਹੋਵੇਗਾ।