
ਸ਼ਰਾਬ ਦੀ ਖਪਤ ਨੂੰ ਘਟਾਉਣ ਲਈ ਕੋਈ ਕੇਂਦਰੀ ਨੀਤੀ ਨਹੀਂ
ਨਵੀਂ ਦਿੱਲੀ : ਖਪਤਕਾਰਾਂ ਦੇ ਹਿਤਾਂ ਲਈ ਕੰਮ ਕਰਨ ਵਾਲੀ ਸਵੈ-ਸੇਵੀ ਸੰਸਥਾ ਕੰਜ਼ਿਊਮਰ ਵਾਇਸ ਨੇ ਵੀਰਵਾਰ ਨੂੰ ਦੇਸ਼ ਵਿਚ 2005 ਤੋਂ 2016 ਦਰਮਿਆਨ ਸ਼ਰਾਬ ਦੀ ਪ੍ਰਤੀ ਵਿਅਕਤੀ ਖਪਤ 2.4 ਲੀਟਰ ਤੋਂ ਵਧ ਕੇ 5.7 ਲੀਟਰ ਹੋਣ ’ਤੇ ਚਿੰਤਾ ਪ੍ਰਗਟ ਕਰਦੇ ਹੋਏ ਇਸ ਦੇ ਸੇਵਨ ਨੂੰ ਨਿਯਮਤ ਕਰਨ ਲਈ ਸਰਕਾਰ ਨੂੰ ਅਪਣੀਆਂ ਸਿਫਾਰਸ਼ਾਂ ਕੀਤੀਆਂ ਹਨ।
ਇਹ ਵੀ ਪੜ੍ਹੋ:ਅੱਖਾਂ ਹੇਠਲੇ ਕਾਲੇ ਘੇਰਿਆਂ ਨੂੰ ਠੀਕ ਕਰਦੈ ਦੇਸੀ ਘਿਉ
ਕੰਜ਼ਿਊਮਰ ਵਾਇਸ ਦੇ ਸੀਈਓ ਆਸ਼ਿਮ ਸਾਨਿਆਲ ਨੇ ਪ੍ਰੈੱਸ ਕਾਨਫ਼ਰੰਸ ਵਿਚ ਕਿਹਾ, “ਭਾਰਤ ਵਿਚ 15 ਤੋਂ 30 ਸਾਲ ਦੀ ਉਮਰ ਦੇ ਲੋਕਾਂ ਵਿਚ ਸ਼ਰਾਬ ਦੀ ਖਪਤ ਵਿਚ ਸਭ ਤੋਂ ਵੱਧ ਵਾਧਾ ਦੇਖਿਆ ਜਾ ਰਿਹਾ ਹੈ। ਅਸੀਂ ਸ਼ਰਾਬ ਦੀ ਪ੍ਰਤੀ ਵਿਅਕਤੀ ਖਪਤ ਅਤੇ ਇਸ ਦੇ ਨਤੀਜਿਆਂ ਬਾਰੇ ਚਿੰਤਤ ਹਾਂ।’’ ਉਨ੍ਹਾਂ ਕਿਹਾ, “ਦੇਸ਼ ਵਿਚ ਸ਼ਰਾਬ ਦੀ ਖਪਤ ਨੂੰ ਘਟਾਉਣ ਲਈ ਕੋਈ ਕੇਂਦਰੀ ਨੀਤੀ ਨਹੀਂ ਹੈ। ਦੇਸ਼ ਵਿਚ ਸ਼ਰਾਬ ਦੇ ਸੁਰੱਖਿਅਤ ਸੇਵਨ ਬਾਰੇ ਕੋਈ ਦਿਸ਼ਾ-ਨਿਰਦੇਸ਼ ਨਹੀਂ ਹਨ। ਸ਼ਰਾਬ ’ਤੇ ਭਾਰੀ ਟੈਕਸਾਂ ਤੋਂ ਪ੍ਰਾਪਤ ਹੋਣ ਵਾਲੇ ਮਾਲੀਏ ਨੂੰ ਦੇਖਦੇ ਹੋਏ ਰਾਜ ਅਲਕੋਹਲ-ਅਧਾਰਤ ਪੀਣ ਵਾਲੇ ਉਦਯੋਗ ਨੂੰ ਇਕ ਦੁੱਧ ਦੇਣ ਵਾਲੀ ਗਊ ਦੇ ਰੂਪ ਵਿਚ ਦੇਖਦੇ ਹਨ। ਸ਼ਰਾਬ ਨੂੰ ਕੰਟਰੋਲ ਕਰਨ ਦੀ ਜ਼ਿੰਮੇਵਾਰੀ ਆਬਕਾਰੀ ਵਿਭਾਗ ਦੀ ਹੈ, ਇਸ ਲਈ ਸਰਕਾਰ ਨੂੰ ਸ਼ਰਾਬ ਦੀ ਖਪਤ ਘੱਟ ਕਰਨ ਲਈ ਸਿਹਤ ਵਿਭਾਗ ਨੂੰ ਇਸ ਕੰਮ ਵਿਚ ਸ਼ਾਮਲ ਕਰਨ ਦੀ ਲੋੜ ਹੈ।’’
ਇਹ ਵੀ ਪੜ੍ਹੋ:ਸ਼ਰਾਬ ਦੀ ਪ੍ਰਤੀ ਵਿਅਕਤੀ ਖਪਤ 2.4 ਲੀਟਰ ਤੋਂ ਵਧ ਕੇ 5.7 ਲੀਟਰ ਹੋਈ- ਕੰਜ਼ਿਊਮਰ ਵਾਈਸ ਦੀ ਰਿਪੋਰਟ
ਸਾਨਿਆਲ ਨੇ ਕਿਹਾ ਕਿ ਸਰਕਾਰ ਸ਼ਰਾਬ ਦੀਆਂ ਨੀਤੀਆਂ ਬਣਾਉਂਦੇ ਸਮੇਂ ਸਿਹਤ ਦੀਆਂ ਉੱਚ ਪਧਰੀ ਅਤੇ ਸਮਾਜਕ ਦੇਖਭਾਲ ਲਾਗਤਾਂ ਨੂੰ ਸ਼ਾਮਲ ਕਰਨ ਲਈ ਵਿਆਪਕ ਸਮਾਜਕ ਪਹਿਲੂਆਂ ’ਤੇ ਵਿਚਾਰ ਕਰੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੰਸਥਾ ਨੇ ਭਾਰਤ ਵਿਚ ਅਲਕੋਹਲ ਦੀ ਖਪਤ ਬਾਰੇ ਇਕ ਰਿਪੋਰਟ ਤਿਆਰ ਕੀਤੀ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਦੇਸ਼ ਵਿਚ ਜ਼ਿਆਦਾ ਅਲਕੋਹਲ ਵਾਲੀ ਸ਼ਰਾਬ ਦੀ ਪ੍ਰਤੀ ਵਿਅਕਤੀ ਔਸਤ ਸਾਲਾਨਾ ਖਪਤ 13.5 ਲੀਟਰ ਸ਼ੱੁਧ ਸ਼ਰਾਬ ਨਾਲ ਦੁਨੀਆਂ ਵਿਚ ਸੱਭ ਤੋਂ ਵੱਧ ਹੈ। ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਜ਼ਿਆਦਾ ਸ਼ਰਾਬ ਪੀਣ ਵਾਲੇ ਘੱਟ ਅਲਕੋਹਲ ਵਾਲੇ ਪੀਣਯੋਗ ਪਦਾਰਥਾਂ ਦੀ ਬਜਾਏ ਜ਼ਿਆਦਾ ਅਲਕੋਹਲ ਵਾਲੇ ਪੀਣਯੋਗ ਪਦਾਰਥਾਂ ਦੀ ਵਰਤੋਂ ਕਰਦੇ ਹਨ। ਦੇਸ਼ ਵਿਚ ਸ਼ਰਾਬ ਪੀਣ ਦੇ ਪੈਟਰਨ ਤੋਂ ਇਹ ਸੰਕੇਤ ਮਿਲਦੇ ਹਨ ਕਿ ਲੋਕ ‘ਨਸ਼ੇ ਦੀ ਲਤ’ ਕਾਰਨ ਪੀਂਦੇ ਹਨ। (ਏਜੰਸੀ)