
Aero India: ਕੇਂਦਰੀ ਰਖਿਆ ਮੰਤਰੀ ਨੇ ‘ਏਅਰੋ ਇੰਡੀਆ’ ਦੇ 15ਵੇਂ ਸੰਸਕਰਨ ਦਾ ਕੀਤਾ ਉਦਘਾਟਨ
Aero India: ਬੈਂਗਲੁਰੂ : ਕੇਂਦਰੀ ਰਖਿਆ ਮੰਤਰੀ ਨੇ ਸੋਮਵਾਰ ਨੂੰ ਬੈਂਗਲੁਰੂ ਦੇ ਯੇਲਹੰਕਾ ਏਅਰ ਫ਼ੋਰਸ ਬੇਸ ’ਤੇ ‘ਏਅਰੋ ਇੰਡੀਆ’ ਦੇ 15ਵੇਂ ਸੰਸਕਰਨ ਦਾ ਉਦਘਾਟਨ ਕੀਤਾ। ਇਸ ਨੂੰ ਏਸ਼ੀਆ ਦਾ ਸਭ ਤੋਂ ਵੱਡਾ ‘ਏਅਰੋਸਪੇਸ’ ਅਤੇ ਰੱਖਿਆ ਪ੍ਰਦਰਸ਼ਨੀ ਮੰਨਿਆ ਜਾਂਦਾ ਹੈ। ‘ਏਅਰੋ ਇੰਡੀਆ’ ਦਾ ਆਯੋਜਨ 10 ਤੋਂ 14 ਫ਼ਰਵਰੀ ਤਕ ਕੀਤਾ ਜਾਵੇਗਾ। ਪਹਿਲੇ ਤਿੰਨ ਦਿਨ ਸਿਰਫ਼ ਉੱਦਮੀਆਂ ਲਈ ਹੋਣਗੇ ਜਦਕਿ 13 ਤੋਂ 14 ਫ਼ਰਵਰੀ ਨੂੰ ਆਮ ਲੋਕ ਵੀ ਇੱਥੇ ਆ ਸਕਣਗੇ।
ਅਧਿਕਾਰੀਆਂ ਨੇ ਦਸਿਆ ਕਿ ‘ਰਨਵੇ ਟੂ ਏ ਬਿਲੀਅਨ ਅਪਰਚਿਊਨਿਟੀਜ਼’ ਦੀ ਥੀਮ ਨਾਲ, ਪੰਜ ਦਿਨਾਂ ਦੇ ਇਸ ਸ਼ਾਨਦਾਰ ਸਮਾਗਮ ਵਿਚ ਭਾਰਤ ਦੀ ਹਵਾਈ ਤਾਕਤ ਅਤੇ ਸਵਦੇਸ਼ੀ ਆਧੁਨਿਕ ਨਵੀਨਤਾਵਾਂ ਦੇ ਨਾਲ-ਨਾਲ ਗਲੋਬਲ ਏਅਰੋਸਪੇਸ ਕੰਪਨੀਆਂ ਦੇ ਅਤਿ-ਆਧੁਨਿਕ ਉਤਪਾਦਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ‘ਆਤਮਨਿਰਭਰ ਭਾਰਤ’ ਅਤੇ ‘ਮੇਕ ਇਨ ਇੰਡੀਆ, ਮੇਕ ਫ਼ਾਰ ਦਾ ਵਰਲਡ’ ਦੇ ਵਿਜ਼ਨ ਅਨੁਸਾਰ, ਇਹ ਪ੍ਰੋਗਰਾਮ ਸਵਦੇਸ਼ੀਕਰਨ ਨੂੰ ਤੇਜ਼ ਕਰਨ ਲਈ ਅੰਤਰਰਾਸ਼ਟਰੀ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਇਕ ਪਲੇਟਫ਼ਾਰਮ ਵੀ ਪ੍ਰਦਾਨ ਕਰੇਗਾ, ਜਿਸ ਨਾਲ 2047 ਤਕ ਦੇਸ਼ ਨੂੰ ਵਿਕਸਤ ਭਾਰਤ ਬਣਾਉਣ ਦੇ ਕੇਂਦਰ ਸਰਕਾਰ ਦੇ ਸੰਕਲਪ ਨੂੰ ਮਜ਼ਬੂਤ ਕਰੇਗਾ।
ਕਰਨਾਟਕ ਦੇ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ, ਚੀਫ਼ ਆਫ਼ ਡਿਫੈਂਸ ਸਟਾਫ਼ (ਸੀਡੀਐਸ) ਅਨਿਲ ਚੌਹਾਨ ਸਮੇਤ ਹੋਰਨਾਂ ਨੇ ਉਦਘਾਟਨ ਸਮਾਰੋਹ ਵਿਚ ਸ਼ਿਰਕਤ ਕੀਤੀ। ਇਸ ਮੌਕੇ ਰੱਖਿਆ ਮੰਤਰੀਆਂ ਦੀ ਕਾਨਫ਼ਰੰਸ, ਮੁੱਖ ਕਾਰਜਕਾਰੀ ਸੰਮੇਲਨ, ਭਾਰਤ ਅਤੇ ਆਈਡੀਈਐਕਸ ਪਵੇਲੀਅਨਾਂ ਦਾ ਉਦਘਾਟਨ, ਭਾਰਤ ਅਤੇ ਆਈਡੀਈਐਕਸ ਪ੍ਰੋਗਰਾਮ ਦਾ ਉਦਘਾਟਨ, ਮੰਥਨ ਆਈਡੀਈਐਕਸ ਪ੍ਰੋਗਰਾਮ, ਸਮਰੱਥਾ ਸਵਦੇਸ਼ੀ ਪ੍ਰੋਗਰਾਮ, ਸਮਾਪਤੀ ਸਮਾਰੋਹ, ਸਿੰਪੋਜ਼ੀਅਮ, ਐਰੋਬੈਟਿਕਸ ਅਤੇ ਏਰੋਸਪੇਸ ਕੰਪਨੀਆਂ ਦੀ ਪ੍ਰਦਰਸ਼ਨੀ ਵਰਗੇ ਪ੍ਰੋਗਰਾਮ ਆਯੋਜਤ ਕੀਤੇ ਜਾਣਗੇ। ਇਹ ਹੁਣ ਤਕ ਦਾ ਸਭ ਤੋਂ ਵੱਡਾ ‘ਏਅਰੋ ਇੰਡੀਆ’ ਈਵੈਂਟ ਹੋਣ ਜਾ ਰਿਹਾ ਹੈ ਕਿਉਂਕਿ ਇਸ ਵਾਰ ਇਸ ਦਾ ਦਾਇਰਾ ਵਧਾ ਕੇ 42,000 ਵਰਗ ਮੀਟਰ ਤੋਂ ਵੱਧ ਕਰ ਦਿਤਾ ਗਿਆ ਹੈ ਅਤੇ ਇਸ ਵਿਚ 150 ਵਿਦੇਸ਼ੀ ਕੰਪਨੀਆਂ ਸਮੇਤ 900 ਤੋਂ ਵੱਧ ਪ੍ਰਦਰਸ਼ਕ ਹਿੱਸਾ ਲੈਣਗੇ।