
12 ਘੰਟੇ ਚਲਾਈ ਬਚਾਅ ਮੁਹਿੰਮ ਮਗਰੋਂ ਲਾਸ਼ ਬਾਹਰ ਕੱਢੀ ਗਈ
Delhi Borewell Rescue: ਨਵੀਂ ਦਿੱਲੀ: ਦਿੱਲੀ ਜਲ ਬੋਰਡ ਦੇ ਵਾਟਰ ਟਰੀਟਮੈਂਟ ਪਲਾਂਟ ’ਚ 40 ਫੁੱਟ ਡੂੰਘੇ ਬੋਰਵੈੱਲ ’ਚ ਡਿੱਗੇ ਇਕ ਵਿਅਕਤੀ ਦੀ ਲਾਸ਼ ਨੂੰ ਕਰੀਬ 12 ਘੰਟੇ ਦੇ ਬਚਾਅ ਕਾਰਜ ਤੋਂ ਬਾਅਦ ਐਤਵਾਰ ਨੂੰ ਬਾਹਰ ਕਢਿਆ ਗਿਆ। ਕਰੀਬ 30 ਸਾਲ ਦੇ ਵਿਅਕਤੀ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ। ਆਤਿਸ਼ੀ ਨੇ ਟਵੀਟ ਕੀਤਾ, ‘‘ਮੈਂ ਬਹੁਤ ਦੁੱਖ ਨਾਲ ਇਹ ਖ਼ਬਰ ਸਾਂਝੀ ਕਰ ਰਹੀ ਹਾਂ ਕਿ ਬੋਰਵੈੱਲ ’ਚ ਡਿੱਗੇ ਵਿਅਕਤੀ ਨੂੰ ਬਚਾਅ ਟੀਮ ਨੇ ਮ੍ਰਿਤਕ ਪਾਇਆ ਹੈ।’’
ਸ਼ੁਰੂਆਤੀ ਜਾਣਕਾਰੀ ਮੁਤਾਬਕ ਮ੍ਰਿਤਕ ਦੀ ਉਮਰ ਕਰੀਬ 30 ਸਾਲ ਸੀ। ਉਹ ਬੋਰਵੈੱਲ ਦੇ ਕਮਰੇ ’ਚ ਕਿਵੇਂ ਦਾਖਲ ਹੋਇਆ, ਉਹ ਬੋਰਵੈੱਲ ਦੇ ਅੰਦਰ ਕਿਵੇਂ ਡਿੱਗਿਆ - ਇਸ ਦੀ ਜਾਂਚ ਪੁਲਿਸ ਕਰੇਗੀ।
ਆਤਿਸ਼ੀ ਨੇ ਪੋਸਟ ’ਚ ਕਿਹਾ, ‘‘ਮੈਂ ਐਨ.ਡੀ.ਆਰ.ਐਫ. ਦੀ ਟੀਮ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਕਈ ਘੰਟਿਆਂ ਤਕ ਬਚਾਅ ਮੁਹਿੰਮ ’ਚ ਹਰ ਸੰਭਵ ਕੋਸ਼ਿਸ਼ ਕੀਤੀ।’’ ਰਾਤ ਕਰੀਬ 1 ਵਜੇ ਸੂਚਨਾ ਮਿਲੀ ਕਿ ਪਛਮੀ ਦਿੱਲੀ ਦੇ ਕੇਸ਼ੋਪੁਰ ਮੰਡੀ ਇਲਾਕੇ ’ਚ ਸਥਿਤ ਡੀ.ਜੇ.ਬੀ. ਪਲਾਂਟ ’ਚ ਇਕ ਵਿਅਕਤੀ ਬੋਰਵੈੱਲ ’ਚ ਡਿੱਗ ਗਿਆ। ਬਚਾਅ ਕਾਰਜਾਂ ਦੀ ਅਗਵਾਈ ਕੌਮੀ ਆਫ਼ਤ ਪ੍ਰਤੀਕਿਰਿਆ ਬਲ (ਐਨ.ਡੀ.ਆਰ.ਐਫ.) ਅਤੇ ਦਿੱਲੀ ਫਾਇਰ ਸਰਵਿਸਿਜ਼ (ਡੀ.ਐਫ.ਐਸ.) ਦੀਆਂ ਟੀਮਾਂ ਨੇ ਕੀਤੀ।