
ਸਿਨੀ ਸ਼ੈੱਟੀ ਨੇ ਭਾਰਤ ਵੱਲੋਂ ਇਸ ਮੁਕਾਬਲੇ ਵਿਚ ਹਿੱਸਾ ਲਿਆ ਸੀ ਪਰ ਉਹ ਇਹ ਖ਼ਿਤਾਬ ਨਹੀਂ ਜਿੱਤ ਸਕੀ
Miss World 2024: ਯੂਰਪ - ਚੈੱਕ ਗਣਰਾਜ ਦੀ ਕ੍ਰਿਸਟੀਨਾ ਪਿਜ਼ਕੋਵਾ ਨੇ ਭਾਰਤ ਵਿਚ ਆਯੋਜਿਤ ਮਿਸ ਵਰਲਡ ਮੁਕਾਬਲੇ ਦੇ 71ਵੇਂ ਐਡੀਸ਼ਨ ਨੂੰ ਜਿੱਤ ਲਿਆ ਹੈ। ਉਸ ਨੇ ਮਿਸ ਵਰਲਡ 2024 ਦਾ ਖਿਤਾਬ ਅਪਣੇ ਨਾਮ ਕਰ ਲਿਆ ਹੈ। ਇਹ ਸਮਾਰੋਹ ਮੁੰਬਈ ਦੇ ਜੀਓ ਵਰਲਡ ਕਨਵੈਨਸ਼ਨ ਸੈਂਟਰ 'ਚ ਆਯੋਜਿਤ ਕੀਤਾ ਗਿਆ ਸੀ। ਲੇਬਨਾਨ ਦੀ ਯਾਸਮੀਨਾ ਜ਼ੈਤੌਨ ਪਹਿਲੀ ਰਨਰ-ਅੱਪ ਬਣੀ।
ਇਸ ਸਾਲ ਇਸ ਬਿਊਟੀ ਪੇਜੇਂਟ ਮੁਕਾਬਲੇ ਵਿਚ 120 ਪ੍ਰਤੀਯੋਗੀਆਂ ਨੇ ਭਾਗ ਲਿਆ। ਸਾਰਿਆਂ ਨੂੰ ਪਿੱਛੇ ਛੱਡਦੇ ਹੋਏ ਕ੍ਰਿਸਟੀਨਾ ਪਿਜਕੋਵਾ ਨੇ ਆਪਣੇ ਲਈ ਇਹ ਵੱਡਾ ਖ਼ਿਤਾਬ ਜਿੱਤ ਲਿਆ। ਦੱਸ ਦਈਏ ਕਿ ਪਿਛਲੀ ਵਾਰ ਇਹ ਮੁਕਾਬਲਾ ਪੋਲੈਂਡ ਦੀ ਰਹਿਣ ਵਾਲੀ ਕੈਰੋਲੀਨਾ ਬਿਲਾਵਸਕਾ ਨੇ ਜਿੱਤਿਆ ਸੀ। ਉਨ੍ਹਾਂ ਨੇ ਹੀ ਕ੍ਰਿਸਟੀਨਾ ਪਿਜਕੋਵਾ ਦਾ ਤਾਜ ਪਹਿਨਾਇਆ ਹੈ।
ਓਧਰ ਸਿਨੀ ਸ਼ੈੱਟੀ ਨੇ ਭਾਰਤ ਵੱਲੋਂ ਇਸ ਮੁਕਾਬਲੇ ਵਿਚ ਹਿੱਸਾ ਲਿਆ ਸੀ ਪਰ ਉਹ ਇਹ ਖ਼ਿਤਾਬ ਨਹੀਂ ਜਿੱਤ ਸਕੀ। ਅਸਲ ‘ਚ ਉਹ ਟਾਪ-8 ‘ਚ ਜਗ੍ਹਾ ਬਣਾਉਣ ‘ਚ ਸਫ਼ਲ ਰਹੀ ਪਰ ਜਦੋਂ ਚੋਟੀ ਦੀਆਂ 4 ਪ੍ਰਤੀਯੋਗੀਆਂ ਦੀ ਚੋਣ ਕੀਤੀ ਗਈ ਤਾਂ ਉਹ ਉਸ ਵਿਚ ਜਗ੍ਹਾ ਨਹੀਂ ਬਣਾ ਸਕੀ ਅਤੇ ਮਿਸ ਵਰਲਡ ਦਾ ਤਾਜ ਜਿੱਤਣ ਦੀ ਦੌੜ ਤੋਂ ਬਾਹਰ ਹੋ ਗਈ। ਦੱਸ ਦੇਈਏ ਕਿ ਸੀਨੀ ਦਾ ਜਨਮ ਕਰਨਾਟਕ ਵਿੱਚ ਹੋਇਆ ਸੀ। ਹਾਲਾਂਕਿ ਉਸ ਦੀ ਪੜ੍ਹਾਈ ਮੁੰਬਈ ‘ਚ ਹੋਈ ਸੀ। ਉਸ ਨੇ 2022 ਵਿਚ ਫੇਮਿਨਾ ਮਿਸ ਇੰਡੀਆ ਦਾ ਖਿਤਾਬ ਜਿੱਤਿਆ ਹੈ।
ਜ਼ਿਕਰਯੋਗ ਹੈ ਕਿ ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਕਰਨ ਜੌਹਰ ਨੇ ਇਸ ਈਵੈਂਟ ਨੂੰ ਹੋਸਟ ਕੀਤਾ ਅਤੇ 2013 ‘ਚ ਮਿਸ ਵਰਲਡ ਦਾ ਖ਼ਿਤਾਬ ਜਿੱਤਣ ਵਾਲੀ ਮੇਗਨ ਯੰਗ ਨੇ ਉਨ੍ਹਾਂ ਦਾ ਸਾਥ ਦਿੱਤਾ। ਨੇਹਾ ਕੱਕੜ, ਉਸਦੇ ਭਰਾ ਟੋਨੀ ਕੱਕੜ ਅਤੇ ਸ਼ਾਨ ਵਰਗੇ ਮਸ਼ਹੂਰ ਗਾਇਕਾਂ ਨੇ ਪਰਫਾਰਮ ਕੀਤਾ। ਦੱਸ ਦਈਏ ਕਿ ਅਜਿਹਾ 28 ਸਾਲ ਬਾਅਦ ਹੋਇਆ ਹੈ ਜਦੋਂ ਭਾਰਤ ਵਿਚ ਮਿਸ ਵਰਲਡ ਦਾ ਆਯੋਜਨ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਸਾਲ 1996 ਵਿਚ ਭਾਰਤ ਵਿੱਚ 46ਵਾਂ ਸੰਸਕਰਨ ਆਯੋਜਿਤ ਕੀਤਾ ਗਿਆ ਸੀ। ਜਿੱਥੇ ਇਸ ਵਾਰ ਇਵੈਂਟ ਮੁੰਬਈ ਸ਼ਹਿਰ ‘ਚ ਆਯੋਜਿਤ ਕੀਤਾ ਗਿਆ ਸੀ, ਉਥੇ ਹੀ 28 ਸਾਲ ਪਹਿਲਾਂ ਇਹ ਈਵੈਂਟ ਬੈਂਗਲੁਰੂ ‘ਚ ਆਯੋਜਿਤ ਕੀਤਾ ਗਿਆ ਸੀ।