
ਵਿਸ਼ੇਸ਼ ਜਾਂਚ ਟੀਮ ਕਰੇਗੀ ਮਾਮਲੇ ਦੀ ਜਾਂਚ
ਉਨਾਵ 'ਚ 18 ਸਾਲ ਦੀ ਕੁੜੀ ਦੇ ਬਲਾਤਕਾਰ ਦੇ ਦੋਸ਼ ਵਿਚ ਫਸੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਧਾਇਕ ਕੁਲਦੀਪ ਸਿੰਘ ਸੈਂਗਰ ਦੇ ਭਰਾ ਅਤੁਲ ਸਿੰਘ ਨੂੰ ਪੁਲਿਸ ਨੇ ਅੱਜ ਗ੍ਰਿਫ਼ਤਾਰ ਕਰ ਲਿਆ ਹੈ। ਬੀਤੇ ਦਿਨ ਪੀੜਤ ਕੁੜੀ ਨੇ ਵਿਧਾਇਕ ਦੇ ਭਰਾ 'ਤੇ ਉਸ ਦੇ ਪਿਤਾ ਨਾਲ ਮਾਰਕੁੱਟ ਕਰਨ ਤੋਂ ਬਾਅਦ ਪੁਲਿਸ ਹਵਾਲੇ ਕਰਨ ਦੇ ਦੋਸ਼ ਲਾਏ ਸਨ। ਉਸ ਦੇ ਪਿਤਾ ਦੀ ਕਲ ਜੇਲ ਵਿਚ ਮੌਤ ਹੋ ਗਈ ਸੀ।ਮ੍ਰਿਤਕ ਦੀ ਅੱਜ ਆਈ ਪੋਸਟਮਾਰਟਮ ਰੀਪੋਰਟ 'ਚ ਹੈਰਾਨੀਜਨਕ ਪ੍ਰਗਟਾਵੇ ਹੋਏ ਹਨ ਜਿਸ 'ਚ ਉਸ ਦੇ ਸਰੀਰ 'ਤੇ ਝਰੀਟਾਂ, ਨੀਲ ਪੈਣ ਅਤੇ ਰਗੜਾਂ ਦੇ 14 ਜ਼ਖ਼ਮਾਂ ਦੀ ਪਛਾਣ ਕੀਤੀ ਗਈ ਹੈ। ਅਪਣੀ ਬੇਟੀ ਨੂੰ ਨਿਆਂ ਦਿਵਾਉਣ ਲਈ ਜੂਝਦੇ ਇਸ ਪਿਤਾ ਨੂੰ ਕਲ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਜਿਸ ਤੋਂ ਬਾਅਦ ਉਸ ਦੀ ਪੁਲਿਸ ਹਿਰਾਸਤ 'ਚ ਮੌਤ ਹੋ ਗਈ। ਪੋਸਟਮਾਰਟਮ ਰੀਪੋਰਟ 'ਚ ਉਸ ਦੀ ਮੌਤ ਦਾ ਕਾਰਨ ਵੱਡੀ ਆਂਦਰ ਪਾਟ ਜਾਣ ਮਗਰੋਂ ਖ਼ੂਨ 'ਚ ਜ਼ਹਿਰ ਫੈਲਣਾ ਦਸਿਆ ਗਿਆ ਹੈ। ਇਹ ਪੇਟ 'ਚ ਜ਼ੋਰਦਾਰ ਸੱਟ ਮਾਰਨ ਜਾਂ ਚਾਕੂ ਮਾਰਨ ਕਾਰਨ ਹੋ ਸਕਦਾ ਹੈ।
ਭਾਵੇਂ ਸਰਕਾਰ ਨੇ ਫ਼ੌਰੀ ਕਾਰਵਾਈ ਕਰਦਿਆਂ ਉਸ ਥਾਣੇ ਦੇ 6 ਪੁਲਿਸ ਮੁਲਾਜ਼ਮਾਂ ਨੂੰ ਬਰਖ਼ਾਸਤ ਕਰ ਦਿਤਾ ਸੀ ਅਤੇ ਚਾਰ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਪਰ ਇਸ ਤੋਂ ਬਾਅਦ ਵੀ ਪ੍ਰਵਾਰ ਧਰਨੇ 'ਤੇ ਬੈਠਾ ਰਿਹਾ ਅਤੇ ਵਿਧਾਇਕ ਦੀ ਗ੍ਰਿਫ਼ਤਾਰੀ ਦੀ ਲਗਾਤਾਰ ਮੰਗ ਕਰਦਾ ਰਿਹਾ। ਸਿੱਟੇ ਵਜੋਂ ਅੱਜ ਪੁਲਿਸ ਨੇ ਭਾਜਪਾ ਵਿਧਾਇਕ ਦੇ ਭਰਾ ਨੂੰ ਗ੍ਰਿਫ਼ਤਾਰ ਕਰ ਲਿਆ।ਉੱਤਰ ਪ੍ਰਦੇਸ਼ ਸਰਕਾਰ ਨੇ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਵੀ ਗਠਤ ਕਰ ਦਿਤੀ ਹੈ।
Unnao rape case
ਪੀੜਤ ਕੁੜੀ ਨੇ ਦੋਸ਼ ਲਾਇਆ ਸੀ ਕਿ ਭਾਜਪਾ ਵਿਧਾਇਕ ਕੁਲਦੀਪ ਸਿੰਘ ਸੈਂਗਰ ਅਤੇ ਉਸ ਦੇ ਭਰਾਵਾਂ ਨੇ ਉਸ ਨਾਲ ਬਲਾਤਕਾਰ ਕੀਤਾ ਸੀ ਅਤੇ ਇਹ ਲੋਕ ਉਸ ਦੇ ਪਿਤਾ ਦੀ ਮੌਤ ਲਈ ਜ਼ਿੰਮੇਵਾਰ ਹਨ। ਦੂਜੇ ਪਾਸੇ ਇਸ ਸਬੰਧੀ ਇਕ ਵਕੀਲ ਐਮ.ਐਲ.ਸ਼ਰਮਾ ਨੇ ਰਿੱਟ ਪਟੀਸ਼ਨ ਦਾਇਰ ਕਰ ਕੇ ਸੁਪਰੀਮ ਕੋਰਟ ਤੋਂ ਇਸ ਮਾਮਲੇ ਦੀ ਜਿੱਥੇ ਸੀ.ਬੀ.ਆਈ. ਜਾਂਚ ਮੰਗੀ ਹੈ, ਉਥੇ ਹੀ ਪੀੜਤਾ ਨੂੰ ਮੁਆਵਜ਼ਾ ਦੇਣ ਦੀ ਵੀ ਮੰਗ ਕੀਤੀ ਹੈ। ਪਟੀਸ਼ਨ ਵਿਚ ਵਕੀਲ ਨੇ ਦਾਅਵਾ ਕੀਤਾ ਹੈ ਕਿ ਦੋਸ਼ੀ ਉੱਤਰ ਪ੍ਰਦੇਸ਼ ਵਿਚ ਸੱਤਾਧਾਰੀ ਧਿਰ ਦੇ ਵਿਧਾਇਕ ਦਾ ਭਰਾ ਹੈ, ਇਸ ਲਈ ਜਾਂਚ ਨਿਰਪੱਖ ਨਹੀਂ ਹੋ ਸਕਦੀ।ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਅੱਜ ਇਸ ਮਾਮਲੇ 'ਚ ਉੱਤਰ ਪ੍ਰਦੇਸ਼ ਸਰਕਾਰ ਅਤੇ ਸੂਬਾ ਪੁਲਿਸ ਮੁਖੀ ਨੂੰ ਨੋਟਿਸ ਜਾਰੀ ਕੀਤਾ ਹੈ ਜਿਸ 'ਚ ਉਨ੍ਹਾਂ ਕੁੜੀ ਨਾਲ ਬਲਾਤਕਾਰ ਅਤੇ ਉਸ ਦੇ ਪਿਤਾ ਦੀ ਮੌਤ ਬਾਰੇ ਵਿਸਤ੍ਰਿਤ ਰੀਪੋਰਟ ਮੰਗੀ ਹੈ। ਕਮਿਸ਼ਨ ਨੇ ਅਥਾਰਟੀਆਂ ਨੂੰ ਪੀੜਤ ਪ੍ਰਵਾਰ 'ਤੇ ਹੋਰ ਤਸ਼ੱਦਦ ਨਾ ਹੋਣ ਯਕੀਨੀ ਬਣਾਉਣ ਲਈ ਕਿਹਾ ਹੈ। ਕਮਿਸ਼ਨ ਨੇ ਕਿਹਾ ਕਿ ਜੇਕਰ ਇਹ ਦੋਸ਼ ਸੱਚ ਹਨ ਤਾਂ ਇਹ ਪੀੜਤ ਪ੍ਰਵਾਰ ਦੇ ਮਨੁੱਖੀ ਅਧਿਕਾਰਾਂ ਦੀ ਬਹੁਤ ਵੱਡੀ ਉਲੰਘਣਾ ਹਨ।ਭਰਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਵਿਧਾਇਕ ਕੁਲਦੀਪ ਸਿੰਘ ਸੈਂਗਰ ਦੇ ਅਜੀਬੋ ਗ਼ਰੀਬ ਬਿਆਨ ਆ ਰਹੇ ਹਨ। ਉਸ ਦਾ ਕਹਿਣਾ ਹੈ ਕਿ ਇਹ ਮਾਮਲਾ ਉਸ ਦਾ ਅਕਸ ਖ਼ਰਾਬ ਕਰਨ ਲਈ ਅਪਰਾਧੀਆਂ ਦੀ ਸਾਜ਼ਸ਼ ਹੈ। ਵਿਧਾਇਕ ਦੇ ਇਨ੍ਹਾਂ ਬਿਆਨਾਂ ਤੋਂ ਬਾਅਦ ਜਿੱਥੇ ਯੋਗੀ ਸਰਕਾਰ ਸੰਕਟ ਵਿਚ ਘਿਰਦੀ ਨਜ਼ਰ ਆ ਰਹੀ ਹੈ, ਉਥੇ ਹੀ ਵਿਰੋਧੀਆਂ ਪਾਰਟੀਆਂ ਨੇ ਵੀ ਇਸ ਮਾਮਲੇ 'ਤੇ ਰਾਜਨੀਤੀ ਕਰਨੀ ਸ਼ੁਰੂ ਕਰ ਦਿਤੀ ਹੈ। (ਏਜੰਸੀਆਂ)