
ਉਮੀਦ ਹੈ ਕਿ ਇਸ ਸੰਕਟ ਨਾਲ ਨਜਿੱਠਣ ਲਈ ਸਰਕਾਰ ਯੋਜਨਾ ਬਣਾਏਗੀ : ਸੋਨੀਆ
ਨਵੀਂ ਦਿੱਲੀ, 10 ਅਪ੍ਰੈਲ: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸ਼ੁਕਰਵਾਰ ਨੂੰ ਕਿਹਾ ਕਿ ਤਾਲਾਬੰਦੀ ਵਿਚ ਗ਼ਰੀਬਾਂ ਨੂੰ ਸੱਭ ਤੋਂ ਜ਼ਿਆਦਾ ਦੁੱਖ ਝਲਣਾ ਪੈ ਰਿਹਾ ਹੈ ਅਤੇ ਉਮੀਦ ਹੈ ਕਿ ਸਰਕਾਰ ਮੌਜੂਦਾ ਸੰਕਟ ਨਾਲ ਨਜਿੱਠਣ ਵਾਸਤੇ ਕੋਈ ਯੋਜਨਾ ਬਣਾਏਗੀ। ਉਨ੍ਹਾਂ ਵੱਖ ਵੱਖ ਰਾਜਾਂ ਦੀਆਂ ਪ੍ਰਦੇਸ਼ ਕਾਂਗਰਸ ਕਮੇਟੀਆਂ ਦੇ ਪ੍ਰਧਾਨਾਂ ਨਾਲ ਵੀਡੀਉ ਕਾਨਫ਼ਰੰਸ ਜ਼ਰੀਏ ਕੀਤੀ ਗਈ ਬੈਠਕ ਵਿਚ ਇਹ ਵੀ ਕਿਹਾ ਕਿ ਦੇਸ਼ ਦੇ ਅਰਥਚਾਰੇ 'ਤੇ ਕੋਰੋਨਾ ਵਾਇਰਸ ਸੰਕਟ ਦਾ ਭਾਰੀ ਅਸਰ ਪਵੇਗਾ ਜਿਸ ਲਈ ਸਾਨੂੰ ਸਾਰਿਆਂ ਨੂੰ ਤਿਆਰ ਰਹਿਣਾ ਪਵੇਗਾ।
ਪਾਰਟੀ ਦੇ ਬਿਆਨ ਮੁਤਾਬਕ ਸੋਨੀਆ ਨੇ ਕਿਹਾ, 'ਦੇਸ਼ ਇਸ ਮਹਾਮਾਰੀ ਨਾਲ ਲੜ ਰਿਹਾ ਹੈ। ਇਸ ਲੜਾਈ ਵਿਚ ਅਸੀਂ ਅਪਣੀ ਭੂਮਿਕਾ ਨਿਭਾਉਣ ਲਈ ਤਿਆਰ ਹਨ। ਤੁਸੀਂ ਸਾਰੇ ਜਾਣਦੇ ਹੋ ਕਿ ਹਰ ਸੂਬੇ ਵਿਚ ਕਾਂਗਰਸ ਦੇ ਅਹੁਦੇਦਾਰ ਅਤੇ ਕਾਰਕੁਨ ਕਈ ਹਫ਼ਤਿਆਂ ਤੋਂ ਦੇਸ਼ਵਾਸੀਆਂ ਦੀ ਸੇਵਾ ਵਿਚ ਲੱਗੇ ਹੋਏ ਹਨ।' ਉਨ੍ਹਾਂ ਕਿਹਾ, 'ਤਾਲਾਬੰਦੀ ਕਾਰਨ ਜਿਹੜੇ ਗ਼ਰੀਬ ਮਜ਼ਦੂਰ ਆਪੋ ਅਪਣੇ ਘਰਾਂ ਵਲ ਰਵਾਨਾ ਹੋਏ, ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਦਾ ਕੰਮ ਸਾਡੇ ਕਾਰਕੁਨਾਂ ਨੇ ਇਕਜੁਟ ਹੋ ਕੇ ਕੀਤਾ। ਅੱਜ ਵੀ ਹਰ ਜ਼ਿਲ੍ਹੇ ਦੇ ਕਾਂਗਰਸ ਆਗੂ ਇਸ ਕੰਮ ਵਿਚ ਲੱਗੇ ਹੋਏ ਹਨ।' ਕਾਂਗਰਸ ਪ੍ਰਧਾਨ ਨੇ ਕਿਹਾ, 'ਮੈਂ ਅਤੇ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨੂੰ ਚਿੱਠੀਆਂ ਲਿਖ ਕੇ ਕੁੱਝ ਸੁਝਾਅ ਦਿਤੇ ਹਨ। ਸਾਨੂੰ ਉਮੀਦ ਹੈ ਕਿ ਸਰਕਾਰ ਇਸ ਚੁਨੌਤੀ ਦਾ ਸਾਹਮਣਾ ਕਰਨ ਲਈ ਯੋਜਨਾ ਬਣਾਏਗੀ।' ਉਨ੍ਹਾਂ ਕਿਹਾ ਕਿ ਤਾਲਾਬੰਦੀ ਕਾਰਨ ਆਰਥਕ ਮੰਦੀ ਦਾ ਸਾਹਮਣਾ ਕਰਨਾ ਪਵੇਗਾ। ਮੁਸ਼ਕਲਾਂ ਹੋਰ ਵਧਣਗੀਆਂ। ਲੋਕਾਂ ਦੇ ਦੁੱਖ ਵਿਚ ਉਨ੍ਹਾਂ ਦਾ ਸਾਥ ਦੇਣਾ ਪਵੇਗਾ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਦਾ ਯਤਨ ਕਰਨਾ ਪਵੇਗਾ।
(ਏਜੰਸੀ)